ਸਬਰੀਮਾਲਾ ਮੰਦਰ ''ਚ ਦਰਸ਼ਨ ਲਈ ਪਹੁੰਚੀ ਬਿੰਦੂ ਅਮਿਨੀ ''ਤੇ ਮਿਰਚ ਸਪਰੇਅ ਨਾਲ ਹਮਲਾ
Tuesday, Nov 26, 2019 - 12:48 PM (IST)

ਕੋਚੀ— ਕੇਰਲ ਦੇ ਸਬਰੀਮਾਲਾ ਮੰਦਰ 'ਚ ਔਰਤਾਂ ਨੂੰ ਪ੍ਰਵੇਸ਼ ਕਰਨ ਦੇ ਅਧਿਕਾਰ ਨਾਲ ਜੁੜਿਆ ਅੰਦੋਲਨ ਚਲਾਉਣ ਵਾਲੀ ਬਿੰਦੂ ਅਮਿਨੀ 'ਤੇ ਮੰਗਲਵਾਰ ਨੂੰ ਇਕ ਸ਼ਖਸ ਨੇ ਮਿਰਚ ਸਪਰੇਅ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਬਿੰਦੂ ਪੁਲਸ ਕਮਿਸ਼ਨਰ ਦੇ ਦਫ਼ਤਰ ਕੋਲ ਸੀ। ਇਸ ਸਾਲ ਦੇ ਸ਼ੁਰੂ 'ਚ ਬਿੰਦੂ ਅਮਿਨੀ ਨੇ ਇਕ ਹੋਰ ਔਰਤ ਨਾਲ ਸਬਰੀਮਾਲਾ ਮੰਦਰ 'ਚ ਭਗਵਾਨ ਅਯੱਪਾ ਦੇ ਦਰਸ਼ਨ ਕਰਨ 'ਚ ਕਾਮਯਾਬੀ ਪਾਈ ਸੀ। ਬਿੰਦੂ 'ਤੇ ਹਮਲੇ ਦਾ ਇਕ ਵੀਡੀਓ ਵੀ ਮਿਲਿਆ ਹੈ। ਇਸ ਦੇ ਅਨੁਸਾਰ ਜਿਵੇਂ ਹੀ ਬਿੰਦੂ ਕਾਰ ਤੋਂ ਉੱਤਰੀ, ਧੋਤੀ ਪਹਿਨੇ ਇਕ ਸ਼ਖਸ ਨੇ ਉਸ 'ਤੇ ਮਿਰਚ ਪਾਊਡਰ ਸਪਰੇਅ ਨਾਲ ਹਮਲਾ ਕਰ ਦਿੱਤਾ। ਬਿੰਦੂ ਨੇ ਵਿਰੋਧ ਕੀਤਾ, ਹਮਲੇ ਤੋਂ ਬਾਅਦ ਸ਼ਖਸ ਮੌਕੇ 'ਤੇ ਦੌੜ ਗਿਆ। ਹਾਲਾਂਕਿ ਬਾਅਦ 'ਚ ਉਸ ਨੂੰ ਫੜ ਲਿਆ ਗਿਆ। ਪੁਲਸ ਅਨੁਸਾਰ ਦੋਸ਼ੀ ਦਾ ਨਾਂ ਸ਼੍ਰੀਨਾਥ ਪਦਨਾਭਨ (28) ਹੈ ਅਤੇ ਉਹ ਕਨੂੰਰ ਦਾ ਰਹਿਣ ਵਾਲਾ ਹੈ।
ਸਬਰੀਮਾਲਾ ਦੇ ਦਰਸ਼ਨ ਸਾਡਾ ਅਧਿਕਾਰ
ਸੂਤਰਾਂ ਅਨੁਸਾਰ ਬਿੰਦੂ ਨੂੰ ਇਲਾਜ ਲਈ ਏਰਨਾਕੁਲਮ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਿੰਦੂ ਮੰਗਲਵਾਰ ਸਵੇਰੇ ਇਕ ਦੂਜੀ ਮਹਿਲਾ ਵਰਕਰ ਤ੍ਰਿਪਤੀ ਦੇਸਾਈ ਅਤੇ ਉਨ੍ਹਾਂ ਨਾਲ ਆਈਆਂ ਔਰਤਾਂ ਨੂੰ ਮਿਲਣ ਜਾ ਰਹੀ ਸੀ। ਇਹ 7 ਔਰਤਾਂ ਮੰਗਲਵਾਰ ਸਵੇਰੇ ਚੋਰੀ-ਚੋਰੀ ਕੋਚੀ ਪਹੁੰਚੀਆਂ ਹਨ। ਇਹ ਮੰਦਰ 'ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨਗੀਆਂ, ਬਿੰਦੂ ਵੀ ਇਨ੍ਹਾਂ ਨਾਲ ਮੰਦਰ 'ਚ ਜਾਣ ਵਾਲੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬਿੰਦੂ ਨੇ ਸਰਕਾਰ ਤੋਂ ਦਰਸ਼ਨਾਂ ਦੀ ਮਨਜ਼ੂਰੀ ਮੰਗੀ ਸੀ। ਬਿੰਦੂ ਦਾ ਕਹਿਣਾ ਹੈ,''ਸਬਰੀਮਾਲਾ ਦੇ ਦਰਸ਼ਨ ਸਾਡਾ ਅਧਿਕਾਰ ਹੈ। ਅਸੀਂ ਉਦੋਂ ਵਾਪਸ ਜਾਵਾਂਗੇ, ਜਦੋਂ ਸਰਕਾਰ ਸਾਨੂੰ ਲਿਖਤੀ 'ਚ ਦੇ ਦਿੰਦੀ ਹੈ ਕਿ ਸਾਨੂੰ ਮੰਦਰ 'ਚ ਪ੍ਰਵੇਸ਼ ਨਹੀਂ ਦਿੱਤਾ ਜਾ ਸਕਦਾ।''