ਕੇਰਲ ਦੀ ਮਸਜਿਦ 'ਚ ਵਿਆਹ ਰਚਾ ਕੇ ਹਿੰਦੂ ਜੋੜੇ ਨੇ ਕਾਇਮ ਕੀਤੀ ਮਿਸਾਲ
Monday, Jan 20, 2020 - 10:34 AM (IST)

ਅਲੀਪੁੱਝਾ (ਕੇਰਲ)— ਕੇਰਲ ਦੇ ਲੋਕਾਂ ਨੇ ਸਮਾਜਿਕ ਏਕਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ। ਐਤਵਾਰ ਨੂੰ ਕੇਰਲ ਦੇ ਅਲਪੁੱਝਾ ਦੀ ਇਕ ਮਸਜਿਦ ਵਿਚ ਹਿੰਦੂ ਜੋੜੇ ਦਾ ਵਿਆਹ ਕਰਵਾਇਆ ਗਿਆ। ਇਸ ਵਿਆਹ ਸਮਾਰੋਹ ਵਿਚ ਦੋਹਾਂ ਫਿਰਕਿਆਂ ਦੇ ਲੋਕ ਸ਼ਾਮਲ ਹੋਏ। ਇਸ ਵਿਆਹ ਦਾ ਆਯੋਜਨ ਚੇਰੁਵਲ ਮੁਸਲਿਮ ਜਮਾਤ ਮਸਜਿਦ ਨੇ ਕੀਤਾ ਸੀ। ਕੇਰਲ ਦੇ ਸੀ. ਐੱਮ. ਪੀ. ਵਿਜਯਨ ਨੇ ਵੀ ਫੇਸਬੁੱਕ 'ਤੇ ਪੋਸਟ ਲਿਖ ਕੇ ਇਸ ਜੋੜੇ ਨੂੰ ਵਧਾਈ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਮਸਜਿਦ ਕੰਪਲੈਕਸ ਵਿਚ ਪੰਡਤ ਨੇ ਵਿਧੀ-ਵਿਧਾਨ ਨਾਲ ਦੋਹਾਂ ਦਾ ਵਿਆਹ ਕਰਵਾਇਆ। ਲਾੜੀ ਅੰਜੂ ਤੇ ਲਾੜੇ ਸ਼ਰਤ ਨੇ ਇਕ-ਦੂਜੇ ਨੂੰ ਵਰ ਮਾਲਾ ਪਹਿਨਾਈ। ਦਰਅਸਲ ਅੰਜੂ ਦੀ ਮਾਂ ਵਿਆਹ ਲਈ ਪੈਸੇ ਜੁਟਾਉਣ 'ਚ ਅਸਮਰੱਥ ਸੀ, ਜਿਸ ਤੋਂ ਬਾਅਦ ਮਸਜਿਦ ਕਮੇਟੀ ਨੇ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ ਅਤੇ ਮਸਜਿਦ 'ਚ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਗਿਆ। ਮਸਜਿਦ ਕਮੇਟੀ ਨੇ ਲਾੜੀ ਨੂੰ ਸੋਨੇ ਦੇ 10 ਸਿੱਕੇ ਤੇ 2 ਲੱਖ ਰੁਪਏ ਤੋਹਫੇ ਦੇ ਰੂਪ ਵਿਚ ਦਿੱਤੇ। ਮਸਜਿਦ ਕਮੇਟੀ ਦੇ ਨਿਜ਼ਾਮੂਦੀਨ ਨੇ ਕਿਹਾ ਕਿ ਲਗਭਗ ਇਕ ਹਜ਼ਾਰ ਲੋਕਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਸੀ।