ਕੇਰਲ ਜ਼ਮੀਨ ਖਿਸਕਣ : ਪੈਸੇ ਕਮਾਉਣ ਆਇਆ ਨੌਜਵਾਨ ਲਾਪਤਾ, ਅਕਤੂਬਰ-ਨਵੰਬਰ ''ਚ ਹੋਣਾ ਸੀ ਵਿਆਹ
Saturday, Aug 03, 2024 - 05:37 PM (IST)
ਵਾਇਨਾਡ (ਭਾਸ਼ਾ)- ਕੇਰਲ ਦੇ ਵਾਇਨਾਡ ਜ਼ਿਲ੍ਹੇ 'ਚ ਮੰਗਲਵਾਰ ਨੂੰ ਭਿਆਨਕ ਜ਼ਮੀਨ ਖਿਸਕਣ ਦੀ ਘਟਨਾ ਦੇ ਬਾਅਦ ਤੋਂ ਲਾਪਤਾ 200 ਤੋਂ ਵੱਧ ਲੋਕਾਂ 'ਚ ਸ਼ਾਮਲ ਬਿਹਾਰ ਵਾਸੀ ਰੰਜੀਤ ਇਸ ਸਾਲ ਅਕਤੂਬਰ-ਨਵੰਬਰ 'ਚ ਹੋਣ ਵਾਲੇ ਆਪਣੇ ਵਿਆਹ ਤੋਂ ਪਹਿਲਾਂ ਕੁਝ ਪੈਸੇ ਕਮਾਉਣ ਲਈ ਇੱਥੇ ਆਇਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹੁਣ ਰੰਜੀਤ ਦੀ ਭਾਲ 'ਚ ਉਸ ਦੇ ਚਚੇਰੇ ਭਰਾ ਰਵੀ ਕੁਮਾਰ ਇੱਥੇ ਪਹੁੰਚੇ ਹਨ। ਰਵੀ ਕੁਮਾਰ ਨੇ ਸ਼ਨੀਵਾਰ ਨੂੰ ਇਕ ਟੀ.ਵੀ. ਚੈਨਲ ਨੂੰ ਦੱਸਿਆ ਕਿ ਉਨ੍ਹਾਂ ਦਾ ਚਚੇਰਾ ਭਰਾ ਜ਼ਮੀਨ ਖਿਸਕਣ ਪ੍ਰਭਾਵਿਤ ਖੇਤਰ 'ਚ ਕੰਮ ਕਰ ਰਹੇ ਬਿਹਾਰ ਦੇ 6 ਲੋਕਾਂ 'ਚੋਂ ਇਕ ਸੀ।
ਰਵੀ ਨੇ ਕਿਹਾ,''ਇਨ੍ਹਾਂ 'ਚੋਂ 2 ਠੀਕ ਹਨ। ਇਕ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਰੰਜੀਤ ਸਮੇਤ ਬਾਕੀ ਤਿੰਨ ਲਾਪਤਾ ਹਨ।'' ਨਮ ਅੱਖਾਂ ਨਾਲ ਰੀਵੀ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਨੂੰ ਕੰਮ ਲਈ ਵਾਇਨਾਡ ਨਾ ਜਾਣ ਦੀ ਸਲਾਹ ਦਿੱਤੀ ਸੀ, ਕਿਉਂਕਿ ਉੱਥੇ ਮੋਹਲੇਧਾਰ ਮੀਂਹ ਪੈ ਰਿਹਾ ਸੀ। ਰਵੀ ਨੇ ਭਾਵੁਕ ਹੁੰਦੇ ਹੋਏ ਕਿਹਾ,''ਉਸ (ਰੰਜੀਤ) ਦਾ ਵਿਆਹ ਤੈਅ ਹੋ ਚੁੱਕਿਆ ਸੀ। ਅਕਤੂਬਰ-ਨਵੰਬਰ 'ਚ ਉਸ ਦਾ ਵਿਆਹ ਹੋਣਾ ਸੀ। ਉਸ ਨੇ ਕਿਹਾ ਕਿ ਉਹ ਆਪਣੇ ਵਿਆਹ ਤੋਂ ਪਹਿਲਾਂ ਕੁਝ ਪੈਸੇ ਕਮਾਉਣਾ ਚਾਹੁੰਦਾ ਸੀ ਅਤੇ ਇਸ ਲਈ ਇੱਥੇ ਆਇਆ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।'' ਰਵੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਚਚੇਰੇ ਭਰਾ ਦੀ ਭਾਲ 'ਚ ਕੇਰਲ ਸਰਕਾਰ ਅਤੇ ਸਥਾਨਕ ਲੋਕਾਂ ਤੋਂ ਕਾਫ਼ੀ ਮਦਦ ਮਿਲੀ। ਰੰਜੀਤ ਦੇ ਭਰਾ ਨੇ ਕਿਹਾ,''ਉਨ੍ਹਾਂ ਨੇ ਮੈਨੂੰ ਖਾਣ ਲਈ ਭੋਜਨ ਅਤੇ ਰਹਿਣ ਲਈ ਜਗ੍ਹਾ ਦਿੱਤੀ ਹੈ। ਉਹ ਮੇਰੀ ਦੇਖਭਾਲ ਕਰ ਰਹੇ ਹਨ ਪਰ ਮੈਨੂੰ ਅਜੇ ਤੱਕ ਨਹੀਂ ਪਤਾ ਕਿ ਰੰਜੀਤ ਦਾ ਕੀ ਹੋਇਆ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8