ਕੇਰਲ ’ਚ 5 ਸਾਲਾਂ ’ਚ ਹਾਥੀਆਂ ਤੇ ਹੋਰ ਜਾਨਵਰਾਂ ਦੇ ਹਮਲੇ ’ਚ 486 ਮਰੇ
Thursday, Jul 25, 2024 - 10:49 PM (IST)

ਨਵੀਂ ਦਿੱਲੀ, (ਭਾਸ਼ਾ)- ਕੇਰਲ ’ਚ ਬੀਤੇ 5 ਸਾਲਾਂ ’ਚ ਹਾਥੀਆਂ, ਬਾਘਾਂ ਅਤੇ ਹੋਰ ਜੰਗਲੀ ਜਾਨਵਰਾਂ ਦੇ ਹਮਲੇ ’ਚ 486 ਲੋਕਾਂ ਦੀ ਜਾਨ ਜਾ ਚੁੱਕੀ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੂਪੇਂਦਰ ਯਾਦਵ ਨੇ ਰਾਜ ਸਭਾ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂੂਬੇ ’ਚ ਸਾਲ 2021-22 ’ਚ ਸਭ ਤੋਂ ਵੱਧ 114 ਲੋਕਾਂ ਦੀ ਜਾਨ ਹਾਥੀਆਂ, ਬਾਘਾਂ ਅਤੇ ਹੋਰ ਜੰਗਲੀ ਜਾਨਵਰਾਂ ਦੇ ਹਮਲੇ ’ਚ ਗਈ।
ਉਨ੍ਹਾਂ ਇਕ ਪ੍ਰਸ਼ਨ ਦੇ ਲਿਖਤੀ ਜਵਾਬ ’ਚ ਦੱਸਿਆ ਕਿ ਉਕਤ ਮੰਤਰਾਲਾ ਨੇ ਮਨੁੱਖ-ਜੰਗਲੀ ਜੀਵ ਸੰਘਰਸ਼ ਨਾਲ ਨਜਿੱਠਣ ਲਈ 6 ਫਰਵਰੀ, 2021 ਨੂੰ ਸਾਰੇ ਸੂਬਿਆਂ/ਕੇਂਦਰ ਸ਼ਾਸਿਤ ਸੂਬਿਆਂ ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ’ਚ ਲੜੀਬੱਧ ਅੰਤਰ-ਮਹਿਕਮਾਨਾ ਕਾਰਵਾਈ, ਸੰਘਰਸ਼ ਵਾਲੇ ਇਲਾਕਿਆਂ ਦੀ ਪਛਾਣ, ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਪਾਲਣਾ, ਤੁਰੰਤ ਪ੍ਰਤੀਕਿਰਿਆ ਟੀਮਾਂ (ਕਿਊ. ਆਰ. ਟੀ.) ਦੀ ਸਥਾਪਨਾ, ਐਕਸ-ਗ੍ਰੇਸ਼ੀਆ ਰਾਸ਼ੀ ਦੀ ਸਮੀਖਿਆ ਲਈ ਸੂਬਾ ਅਤੇ ਜ਼ਿਲਾ ਪੱਧਰੀ ਕਮੇਟੀਆਂ ਦਾ ਗਠਨ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।