ਸਾਧਨਹੀਣ ਮੁਸਲਿਮ ਮਰਦਾਂ ਲਈ ਬਹੁ-ਵਿਆਹ ਦੀ ਮਨਾਹੀ : ਕੇਰਲ ਹਾਈ ਕੋਰਟ

Saturday, Sep 20, 2025 - 09:59 PM (IST)

ਸਾਧਨਹੀਣ ਮੁਸਲਿਮ ਮਰਦਾਂ ਲਈ ਬਹੁ-ਵਿਆਹ ਦੀ ਮਨਾਹੀ : ਕੇਰਲ ਹਾਈ ਕੋਰਟ

ਕੋਚੀ, (ਭਾਸ਼ਾ)- ਕੇਰਲ ਹਾਈ ਕੋਰਟ ਨੇ ਕਿਹਾ ਹੈ ਕਿ ਸਾਧਨਹੀਣ ਮੁਸਲਿਮ ਮਰਦਾਂ ਲਈ ਬਹੁ-ਵਿਆਹ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਕ ਉਸ ਮੁਸਲਿਮ ਵਿਅਕਤੀ ਵੱਲੋਂ ਕਈ ਵਿਆਹ ਕਰਵਾਉਣ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਜੋ ਆਪਣੀਆਂ ਪਤਨੀਆਂ ਦਾ ਪਾਲਣ-ਪੋਸ਼ਣ ਕਰਨ ’ਚ ਅਸਮਰੱਥ ਹੈ।

ਸਜਸਟਿਸ ਪੀ.ਵੀ. ਕੁਨੀਕ੍ਰਿਸ਼ਨਨ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਪੇਰਿਨਥਲਮੰਨਾ ਦੀ ਇਕ 39 ਸਾਲਾ ਔਰਤ ਨੇ ਅਦਾਲਤ ’ਚ ਪਹੁੰਚ ਕਰ ਕੇ ਆਪਣੇ ਪਤੀ ਤੋਂ 10,000 ਰੁਪਏ ਮਾਸਿਕ ਗੁਜ਼ਾਰਾ ਭੱਤਾ ਮੰਗਿਆ। ਪਤੀ ਖੁੱਦ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ।

ਇਸ ਤੋਂ ਪਹਿਲਾਂ ਪਟੀਸ਼ਨਕਰਤਾ ਨੇ ਇਕ ਪਰਿਵਾਰਕ ਅਦਾਲਤ ’ਚ ਪਹੁੰਚ ਕੀਤੀ ਸੀ, ਜਿਸ ਨੇ ਉਸ ਦੀ ਪਟੀਸ਼ਨ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਸੀ ਉਸ ਦਾ ਪਤੀ ਜੋ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ, ਨੂੰ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਨਹੀਂ ਦਿੱਤਾ ਜਾ ਸਕਦਾ।

ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਜੋ ਉਕਤ ਆਦਮੀ ਦੀ ਦੂਜੀ ਪਤਨੀ ਹੈ, ਅਨੁਸਾਰ ਉਸ ਦਾ ਪਤੀ ਨੇਤਰਹੀਣ ਤੇ ਭਿਖਾਰੀ ਹੈ, ਫਿਰ ਵੀ ਉਹ ਤੀਜੀ ਔਰਤ ਨਾਲ ਵਿਆਹ ਕਰਨ ਦੀ ਧਮਕੀ ਦੇ ਰਿਹਾ ਹੈ।

ਅਦਾਲਤ ਨੇ ਪਟੀਸ਼ਨ ਦੀ ਜਾਂਚ ਕੀਤੀ ਤੇ ਕਿਹਾ ਕਿ ਪ੍ਰਤੀਵਾਦੀ ਭੀਖ ਮੰਗਣ ਸਮੇਤ ਵੱਖ-ਵੱਖ ਸੋਮਿਆਂ ਤੋਂ 25,000 ਰੁਪਏ ਕਮਾ ਰਿਹਾ ਹੈ ਜਦੋਂ ਕਿ ਪਟੀਸ਼ਨਕਰਤਾ ਨੇ ਪ੍ਰਤੀ ਮਹੀਨਾ 10,000 ਦਾ ਗੁਜ਼ਾਰਾ ਭੱਤਾ ਮੰਗਿਆ ਸੀ। ਪ੍ਰਤੀਵਾਦੀ ਇਸ ਸਮੇਂ ਆਪਣੀ ਪਹਿਲੀ ਪਤਨੀ ਨਾਲ ਰਹਿੰਦਾ ਹੈ।

ਅਦਾਲਤ ਨੇ ਇਹ ਵੀ ਕਿਹਾ ਕਿ ਉਹ ਦੂਜੀ ਪਤਨੀ ਦੇ ਇਸ ਦਾਅਵੇ ਨੂੰ ਸਵੀਕਾਰ ਨਹੀਂ ਕਰ ਸਕਦੀ ਕਿ ਉਸ ਦਾ ਨੇਤਰਹੀਣ ਪਤੀ ਉਸ ਨੂੰ ਨਿਯਮਿਤ ਤੌਰ ’ਤੇ ਕੁੱਟਦਾ ਹੈ। ਇਹ ਸੱਚ ਹੈ ਕਿ ਪ੍ਰਤੀਵਾਦੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਹੈ ਅਤੇ ਆਪਣੇ ਰਵਾਇਤੀ ਕਾਨੂੰਨ ਦਾ ਫਾਇਦਾ ਉਠਾ ਰਿਹਾ ਹੈ, ਜੋ ਉਸ ਨੂੰ ਦੋ ਜਾਂ ਤਿੰਨ ਵਾਰ ਵਿਆਹ ਕਰਨ ਦੀ ਆਗਿਆ ਦਿੰਦਾ ਹੈ।

ਜਿਹੜਾ ਵਿਅਕਤੀ ਦੂਜੀ ਜਾਂ ਤੀਜੀ ਪਤਨੀ ਦਾ ਪਾਲਣ-ਪੋਸ਼ਣ ਕਰਨ ’ਚ ਅਸਮਰੱਥ ਹੈ, ਉਹ ਮੁਸਲਿਮ ਰਵਾਇਤੀ ਕਾਨੂੰਨ ਅਧੀਨ ਦੁਬਾਰਾ ਵਿਆਹ ਨਹੀਂ ਕਰ ਸਕਦਾ।


author

Rakesh

Content Editor

Related News