ਕੇਰਲ ਦੇ ਮੁੱਖ ਮੰਤਰੀ ਵਿਜਯਨ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
Thursday, Dec 18, 2025 - 08:58 PM (IST)
ਕੋਚੀ, (ਅਨਸ)- ਕੇਰਲ ਹਾਈ ਕੋਰਟ ਨੇ ਮਸਾਲਾ ਬਾਂਡ ਮਾਮਲੇ ’ਚ ਮੁੱਖ ਮੰਤਰੀ ਪੀ. ਵਿਜਯਨ ਨੂੰ ਰਾਹਤ ਦਿੰਦੇ ਹੋਏ ਈ. ਡੀ. ਵੱਲੋਂ ਜਾਰੀ ਕਾਰਨ ਦੱਸੋ ਨੋਟਿਸ ਅਧੀਨ ਕਿਸੇ ਵੀ ਕਾਰਵਾਈ ’ਤੇ ਤਿੰਨ ਮਹੀਨਿਆਂ ਲਈ ਵੀਰਵਾਰ ਰੋਕ ਲਾ ਦਿੱਤੀ।
ਜਸਟਿਸ ਵੀ. ਜੀ. ਅਰੁਣ ਨੇ ਸੂਬੇ ਦੇ ਸਾਬਕਾ ਵਿੱਤ ਮੰਤਰੀ ਥਾਮਸ ਇਸਹਾਕ, ਵਿਜਯਨ ਦੇ ਪ੍ਰਿੰਸੀਪਲ ਪ੍ਰਮੁੱਖ ਸਕੱਤਰ ਤੇ ਕੇਰਲ ਬੁਨਿਆਦੀ ਢਾਂਚਾ ਨਿਵੇਸ਼ ਫੰਡ ਬੋਰਡ (ਕੇ. ਆਈ. ਆਈ.ਐੱਫ. ਬੀ.) ਦੇ ਸੀ. ਈ. ਓ. ਅਬਰਾਹਿਮ ਨੂੰ ਵੀ ਇਸੇ ਤਰ੍ਹਾਂ ਦੀ ਅੰਤ੍ਰਿਮ ਰਾਹਤ ਦਿੱਤੀ।
ਇਹ ਹੁਕਮ ਵਿਜਯਨ, ਇਸਹਾਕ ਤੇ ਅਬਰਾਹਿਮ ਵੱਲੋਂ ਦਾਇਰ ਇਕ ਸਾਂਝੀ ਪਟੀਸ਼ਨ ’ਤੇ ਆਇਆ, ਜਿਸ ’ਚ ਨਵੰਬਰ ’ਚ ਕੇ. ਆਈ. ਆਈ. ਐੱਫ. ਬੀ. ਵੱਲੋਂ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਜ਼ਮੀਨ ਪ੍ਰਾਪਤੀ ਲਈ ਮਸਾਲਾ ਬਾਂਡ ਫੰਡਾਂ ਦੀ ਵਰਤੋਂ ਸੰਬੰਧੀ ਈ. ਡੀ. ਵਲੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸਾਂ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਗਈ ਸੀ।
ਈ. ਡੀ. ਨੇ ਵਿਜਯਨ, ਇਸਹਾਕ ਤੇ ਅਬਰਾਹਿਮ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਅਬਰਾਹਿਮ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੀ ਉਲੰਘਣਾ ਕਰਨ ਲਈ 467 ਕਰੋੜ ਰੁਪਏ ਦਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।
