ਰਾਜਪਾਲ ਯਾਦਵ ਨੂੰ ਮਿਲੀ ਵੱਡੀ ਰਾਹਤ! 12 ਦਿਨਾਂ ਬਾਅਦ ਤਿਹਾੜ ਜੇਲ੍ਹ ਤੋਂ ਆਏ ਬਾਹਰ

Tuesday, Feb 17, 2026 - 08:39 PM (IST)

ਰਾਜਪਾਲ ਯਾਦਵ ਨੂੰ ਮਿਲੀ ਵੱਡੀ ਰਾਹਤ! 12 ਦਿਨਾਂ ਬਾਅਦ ਤਿਹਾੜ ਜੇਲ੍ਹ ਤੋਂ ਆਏ ਬਾਹਰ

ਨਵੀਂ ਦਿੱਲੀ : ਬਾਲੀਵੁੱਡ ਦੇ ਮਸ਼ਹੂਰ ਕਾਮੇਡੀ ਅਦਾਕਾਰ ਰਾਜਪਾਲ ਯਾਦਵ ਲਈ ਅੱਜ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕਰਜ਼ਾ ਵਿਵਾਦ ਅਤੇ ਚੈੱਕ ਬਾਊਂਸ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 12 ਦਿਨ ਬਿਤਾਉਣ ਤੋਂ ਬਾਅਦ ਅਦਾਕਾਰ ਅੱਜ ਰਿਹਾਅ ਹੋ ਗਏ ਹਨ। ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਸੁਣਵਾਈ ਕਰਦਿਆਂ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇਣ ਦਾ ਫੈਸਲਾ ਸੁਣਾਇਆ ਸੀ।

ਕੀ ਹੈ ਪੂਰਾ ਮਾਮਲਾ?
ਰਾਜਪਾਲ ਯਾਦਵ 'ਤੇ ਇੱਕ ਫਿਲਮ ਪ੍ਰੋਜੈਕਟ ਲਈ ਲਏ ਗਏ ਕਰਜ਼ੇ ਨੂੰ ਲੈ ਕੇ ਕੇਸ ਦਰਜ ਸੀ। ਦੋਸ਼ ਹੈ ਕਿ ਉਨ੍ਹਾਂ ਨੇ ਆਪਣੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ 'ਅਤਾ ਪਤਾ ਲਾਪਤਾ' ਬਣਾਉਣ ਲਈ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਫਿਲਮ ਫਲਾਪ ਹੋ ਗਈ ਅਤੇ ਵਿਆਜ ਸਮੇਤ ਇਹ ਰਕਮ 9 ਕਰੋੜ ਰੁਪਏ ਤੱਕ ਪਹੁੰਚ ਗਈ। ਲੰਬੇ ਸਮੇਂ ਤੱਕ ਚੱਲੇ ਕਾਨੂੰਨੀ ਵਿਵਾਦ ਤੋਂ ਬਾਅਦ ਅਦਾਕਾਰ ਨੇ ਕੋਰਟ ਦੇ ਹੁਕਮਾਂ 'ਤੇ ਜੇਲ੍ਹ ਵਿੱਚ ਸਰੰਡਰ ਕਰ ਦਿੱਤਾ ਸੀ।

ਭਤੀਜੀ ਦੇ ਵਿਆਹ ਲਈ ਮਿਲੀ ਛੋਟ 
ਅਦਾਲਤ ਨੇ ਰਾਜਪਾਲ ਯਾਦਵ ਨੂੰ ਉਨ੍ਹਾਂ ਦੀ ਭਤੀਜੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ 18 ਮਾਰਚ ਤੱਕ ਅੰਤਰਿਮ ਜ਼ਮਾਨਤ ਦਿੱਤੀ ਹੈ। ਹਾਲਾਂਕਿ, ਅਦਾਲਤ ਨੇ ਕੁਝ ਸਖ਼ਤ ਸ਼ਰਤਾਂ ਵੀ ਰੱਖੀਆਂ ਹਨ:
• ਰਾਜਪਾਲ ਯਾਦਵ ਨੂੰ ਆਪਣਾ ਪਾਸਪੋਰਟ ਸਰੰਡਰ ਕਰਨਾ ਪਵੇਗਾ।
• ਉਹ ਬਿਨਾਂ ਇਜਾਜ਼ਤ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ।
• ਉਨ੍ਹਾਂ ਨੂੰ ਜਾਂਚ ਅਤੇ ਸੁਣਵਾਈ ਵਿੱਚ ਪੂਰਾ ਸਹਿਯੋਗ ਦੇਣਾ ਪਵੇਗਾ।
• ਜ਼ਮਾਨਤ ਤੋਂ ਪਹਿਲਾਂ ਉਨ੍ਹਾਂ ਵੱਲੋਂ 1.5 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਵੀ ਜਮ੍ਹਾਂ ਕਰਵਾਇਆ ਗਿਆ ਹੈ।

ਬਾਲੀਵੁੱਡ ਸਿਤਾਰਿਆਂ ਨੇ ਕੀਤੀ ਮਦਦ 
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਜਪਾਲ ਯਾਦਵ ਨੇ ਭਾਵੁਕ ਹੁੰਦਿਆਂ ਫਿਲਮ ਇੰਡਸਟਰੀ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਲੀਵੁੱਡ ਨੇ ਮੁਸ਼ਕਿਲ ਘੜੀ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਹੈ। ਰਿਪੋਰਟਾਂ ਅਨੁਸਾਰ ਸਲਮਾਨ ਖਾਨ, ਅਜੇ ਦੇਵਗਨ, ਸੋਨੂ ਸੂਦ ਅਤੇ ਗੁਰਮੀਤ ਚੌਧਰੀ ਵਰਗੇ ਸਿਤਾਰਿਆਂ ਨੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਹੈ। ਇਸ ਤੋਂ ਇਲਾਵਾ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਉਨ੍ਹਾਂ ਨੂੰ ਇੱਕ ਫਿਲਮ ਦੀ ਪੇਸ਼ਕਸ਼ ਵੀ ਕੀਤੀ ਹੈ।

ਆਉਣ ਵਾਲੀਆਂ ਫਿਲਮਾਂ
ਰਾਜਪਾਲ ਯਾਦਵ ਜਲਦੀ ਹੀ ਅਕਸ਼ੈ ਕੁਮਾਰ ਦੀ ਮਲਟੀ-ਸਟਾਰਰ ਫਿਲਮ 'ਵੈਲਕਮ ਟੂ ਜੰਗਲ' ਵਿੱਚ ਨਜ਼ਰ ਆਉਣਗੇ। ਉਨ੍ਹਾਂ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਦਾ ਫਿਲਮ ਇੰਡਸਟਰੀ ਵਿੱਚ 30 ਸਾਲਾਂ ਦਾ ਸਫ਼ਰ ਬਹੁਤ ਹੀ ਖ਼ੂਬਸੂਰਤ ਰਿਹਾ ਹੈ ਅਤੇ ਉਹ ਹਮੇਸ਼ਾ ਕਾਨੂੰਨ ਦਾ ਸਨਮਾਨ ਕਰਨਗੇ।


author

Inder Prajapati

Content Editor

Related News