ਬਾਥਰੂਮ ’ਚ ਲਟਕਦੀ ਮਿਲੀ ਜਨਾਨੀ ਦੀ ਲਾਸ਼, ਵਟਸਐਪ ’ਤੇ ਰਿਸ਼ਤੇਦਾਰਾਂ ਨੂੰ ਭੇਜੇ ਸੀ ਸੰਦੇਸ਼
Monday, Jun 21, 2021 - 06:26 PM (IST)
ਕੇਰਲ— ਕੇਰਲ ਦੇ ਕੋਲੱਮ ’ਚ ਸੋਮਵਾਰ ਨੂੰ ਆਪਣੇ ਪਤੀ ਦੇ ਘਰ ’ਚ 24 ਸਾਲਾ ਇਕ ਜਨਾਨੀ ਦੀ ਲਾਸ਼ ਲਟਕਦੀ ਹੋਈ ਮਿਲੀ। ਇਸ ਤੋਂ ਇਕ ਦਿਨ ਪਹਿਲਾਂ ਉਕਤ ਜਨਾਨੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਵਟਸਐਪ ਕਰ ਕੇ ਕਈ ਸੰਦੇਸ਼ ਭੇਜੇ ਸਨ, ਜਿਸ ’ਚ ਉਸ ਨੇ ਕਿਹਾ ਸੀ ਕਿ ਉਸ ਦਾ ਪਤੀ ਦਾਜ ਲਈ ਤੰਗ-ਪਰੇਸ਼ਾਨ ਕਰ ਰਿਹਾ ਹੈ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਕੈਥਮੋਡੇ ਦੀ ਰਹਿਣ ਵਾਲੀ ਐੱਸ. ਵੀ. ਵਿਸਮਯਾ ਆਪਣੇ ਪਤੀ ਐੱਸ. ਕਿਰਨ ਕੁਮਾਰ ਦੇ ਘਰ ਬਾਥਰੂਮ ’ਚ ਲਟਕੀ ਹੋਈ ਮਿਲੀ।
ਮਿ੍ਰਤਕਾ ਦਾ ਪਤੀ ਸੂਬਾ ਸਰਕਾਰ ਵਿਚ ਮੋਟਰ ਵਾਹਨ ਮਹਿਕਮੇ ਦਾ ਕਾਮਾ ਹੈ। ਪਰਿਵਾਰ ਦੇ ਲੋਕਾਂ ਨੇ ਕਿਹਾ ਕਿ ਵਿਸਮਯਾ ਆਯੁਵੈਦਿਕ ਮੈਡੀਕਲ ਦੀ ਵਿਦਿਆਰਥਣ ਸੀ ਅਤੇ ਉਸ ਨੇ ਆਪਣੇ ਸਰੀਰ ’ਤੇ ਕੁੱਟਮਾਰ ਦੇ ਨਿਸ਼ਾਨ ਅਤੇ ਜ਼ਖਮ ਦੀਆਂ ਤਸਵੀਰਾਂ ਵੀ ਭੇਜੀਆਂ ਸਨ। ਮਿ੍ਰਤਕਾ ਦੇ ਪਰਿਵਾਰ ਮੁਤਾਬਕ ਉਸ ਦੇ ਪਤੀ ਨੇ ਹਾਲ ਹੀ ’ਚ ਉਸ ਦੇ ਸਰੀਰ ’ਤੇ ਕਈ ਅੱਤਿਆਚਾਰ ਦਿੱਤੇ ਸਨ। ਪਰਿਵਾਰ ਵਲੋਂ ਮੀਡੀਆ ਨਾਲ ਸਾਂਝਾ ਕੀਤੀ ਗਈ ਵਟਸਐਪ ਗੱਲਬਾਤ ’ਚ ਵਿਸਮਯਾ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਨੂੰ ਉਹ ਕਾਰ ਪਸੰਦ ਨਹੀਂ ਸੀ, ਜੋ ਉਸ ਨੂੰ ਦਾਜ ਵਿਚ ਮਿਲੀ ਸੀ, ਜਿਸ ਕਾਰਨ ਉਹ ਉਸ ਨਾਲ ਕੁੱਟਮਾਰ ਕਰਦਾ ਸੀ।
ਵਟਸਐਪ ਚੈੱਟ ਮੁਤਾਬਕ ਜਨਾਨੀ ਦਾ ਪਤੀ ਉਸ ਨੂੰ ਵਾਲਾਂ ਨੂੰ ਫੜ ਕੇ ਖਿੱਚਦਾ ਸੀ ਅਤੇ ਉਸ ਦੇ ਚਿਹਰੇ ’ਤੇ ਪੈਰ ਨਾਲ ਮਾਰਦਾ ਸੀ। ਚੈੱਟ ਮੁਤਾਬਕ ਕੁਮਾਰ ਆਪਣੀ ਪਤਨੀ ਦੇ ਪਿਤਾ ਨੂੰ ਗਾਲ੍ਹਾਂ ਕੱਢਦਾ ਸੀ ਅਤੇ ਉਸ ਨੂੰ ਕਹਿੰਦਾ ਸੀ ਕਿ ਉਸ ਨੂੰ ਹੈਸੀਅਤ ਮੁਤਾਬਕ ਦਾਜ ਨਹੀਂ ਮਿਲਿਆ। ਓਧਰ ਮਿ੍ਰਤਕ ਦੇ ਪਿਤਾ ਨੇ ਕਿਹਾ ਕਿ ਪਿਛਲੇ ਸਾਲ ਵਿਆਹ ਵਿਚ ਪਰਿਵਾਰ ਨੇ ਦਾਜ ਦੇ ਰੂਪ ਵਿਚ ਕੁਮਾਰ ਨੂੰ 10 ਲੱਖ ਰੁਪਏ ਦੀ ਕਾਰ, ਇਕ ਏਕੜ ਜ਼ਮੀਨ ਅਤੇ ਸੋਨੇ ਦੇ 100 ਸਿੱਕੇ ਦਿੱਤੇ ਸਨ। ਮੀਡੀਆ ਵਿਚ ਆਈਆਂ ਖ਼ਬਰਾਂ ਦੇ ਆਧਾਰ ’ਤੇ ਸੂਬਾ ਮਹਿਲਾ ਕਮਿਸ਼ਨ ਨੇ ਘਟਨਾ ਦੇ ਸਬੰਧ ਵਿਚ ਇਕ ਮਾਮਲਾ ਦਰਜ ਕੀਤਾ ਹੈ ਅਤੇ ਪੁਲਸ ਤੋਂ ਰਿਪੋਰਟ ਤਲਬ ਕੀਤੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇਗੀ।