ਕੇਜਰੀਵਾਲ ਹੁਣ ਘਰ-ਘਰ ਜਾ ਕੇ ਜੇਲ੍ਹ ਭੇਜੇ ਜਾਣ ਦੀ ਦੱਸਣਗੇ ਅਸਲ ਸੱਚਾਈ

Wednesday, Oct 16, 2024 - 05:01 PM (IST)

ਕੇਜਰੀਵਾਲ ਹੁਣ ਘਰ-ਘਰ ਜਾ ਕੇ ਜੇਲ੍ਹ ਭੇਜੇ ਜਾਣ ਦੀ ਦੱਸਣਗੇ ਅਸਲ ਸੱਚਾਈ

ਨਵੀਂ ਦਿੱਲੀ (ਵਾਰਤਾ)- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਵਾਸੀਆਂ ਦਾ ਕੰਮ ਰੋਕਣ ਲਈ ਜੇਲ੍ਹ ਭੇਜਿਆ ਗਿਆ ਹੈ। ਸ਼੍ਰੀ ਕੇਜਰੀਵਾਲ ਨੇ ਅੱਜ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਪਾਰਟੀ ਵਰਕਰ 29 ਅਕਤੂਬਰ ਤੱਕ ਘਰ-ਘਰ ਜਾ ਕੇ ਸਾਬਕਾ ਮੁੱਖ ਮੰਤਰੀ ਨੂੰ ਜੇਲ੍ਹ ਭੇਜਣ ਦੀ ਅਸਲ ਸੱਚਾਈ ਦੱਸਣਗੇ। ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਲਿਖੇ ਆਪਣੇ ਪੱਤਰ 'ਚ ਕਿਹਾ,“ਇਨ੍ਹਾਂ ਲੋਕਾਂ ਨੇ ਮੈਨੂੰ ਪੰਜ ਮਹੀਨੇ ਜੇਲ੍ਹ 'ਚ ਰੱਖਿਆ। ਉਨ੍ਹਾਂ ਨੇ ਮੈਨੂੰ ਗ੍ਰਿਫ਼ਤਾਰ ਕਿਉਂ ਕੀਤਾ? ਤੁਹਾਨੂੰ ਅਸਲੀ ਕਾਰਨ ਪਤਾ ਲੱਗੇਗਾ ਤਾਂ ਤੁਹਾਡੇ ਹੋਸ਼ ਉੱਡ ਜਾਣਗੇ। ਇਹ ਤਾਂ ਸਾਰੇ ਜਾਣਦੇ ਹਨ ਕਿ ਮੈਂ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ। ਕੇਜਰੀਵਾਲ ਭ੍ਰਿਸ਼ਟਾਚਾਰ ਨਹੀਂ ਕਰ ਸਕਦਾ। ਫਿਰ ਉਨ੍ਹਾਂ ਨੇ ਮੈਨੂੰ ਗ੍ਰਿਫ਼ਤਾਰ ਕਿਉਂ ਕੀਤਾ? ਕਿਉਂਕਿ ਦਿੱਲੀ 'ਚ ਜੋ ਮੈਂ ਤੁਹਾਡੇ ਲਈ ਕੰਮ ਕਰ ਰਿਹਾ ਹਾਂ, ਤੁਹਾਨੂੰ ਜੋ ਸਹੂਲਤਾਂ ਦੇ ਰਿਹਾ ਹਾਂ, ਉਹ ਕੰਮ ਰੋਕਣ ਲਈ ਅਤੇ ਉਹ ਸਹੂਲਤਾਂ ਬੰਦ ਕਰਨ ਲਈ ਇਨ੍ਹਾਂ ਨੇ ਮੈਨੂੰ ਗ੍ਰਿਫ਼ਤਾਰ ਕੀਤਾ।'' 

'ਆਪ' ਆਗੂ ਨੇ ਕਿਹਾ,''ਇਨ੍ਹਾਂ ਦੀ 22 ਰਾਜਾਂ 'ਚ ਸਰਕਾਰ ਹੈ। ਉੱਥੇ ਇਹ ਲੋਕ ਦਿੱਲੀ ਵਾਲੇ ਕੰਮ ਨਹੀਂ ਕਰ ਪਾ ਰਹੇ। ਉੱਥੇ ਜਨਤਾ ਨੇ ਇਨ੍ਹਾਂ ਤੋਂ ਹੁਣ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਕਿ ਦਿੱਲੀ ਵਾਲੇ ਕੰਮ ਉਨ੍ਹਾਂ ਰਾਜਾਂ 'ਚ ਕਿਉਂ ਨਹੀਂ ਹੋ ਰਹੇ। ਇਸ ਦਾ ਇਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ। ਪੰਜਾਬ 'ਚ ਸਾਡੀ ਜਿੱਤ ਤੋਂ ਬਾਅਦ ਇਨ੍ਹਾਂ ਨੂੰ ਲੱਗਣ ਲੱਗਾ ਕਿ ਜੇਕਰ ਜਲਦ ਹੀ ਦਿੱਲੀ ਦੇ ਕੰਮ ਨਹੀਂ ਰੋਕੇ ਗਏ ਤਾਂ ਪੂਰੇ ਦੇਸ਼ 'ਚ ਇਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਅਤੇ ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਆ ਜਾਵੇਗੀ। ਪਿਛਲੇ 10 ਸਾਲਾਂ 'ਚ ਇਨ੍ਹਾਂ ਨੇ ਕਈ ਵਾਰ ਉੱਪ ਰਾਜਪਾਲ ਵੀ.ਕੇ. ਸਕਸੈਨਾ ਰਾਹੀਂ ਦਿੱਲੀ ਦੇ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੁਹਾਡਾ ਕੋਈ ਕੰਮ ਰੁਕਣ ਨਹੀਂ ਦਿੱਤਾ।'' ਉਨ੍ਹਾਂ ਨੇ ਪੱਤਰ 'ਚ ਕਿਹਾ,''ਮੇਰੇ ਕੰਮ ਤੋਂ ਇਨ੍ਹਾਂ ਨੂੰ ਇੰਨਾ ਡਰ ਹੈ ਕਿ ਇਨ੍ਹਾਂ ਨੇ ਜੇਲ੍ਹ 'ਚ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿ ਮੈਂ ਸਹੀ ਸਲਾਮਤ ਬਾਹਰ ਨਾ ਆ ਸਕਾਂ। ਇਨ੍ਹਾਂ ਨੇ ਜੇਲ੍ਹ 'ਚ ਮੇਰੀਆਂ ਦਵਾਈਆਂ ਬੰਦ ਕਰ ਦਿੱਤੀਆਂ। ਮੈਂ ਸ਼ੂਗਰ ਦਾ ਮਰੀਜ਼ ਹਾਂ ਅਤੇ ਪਿਛਲੇ 10 ਸਾਲਾਂ ਤੋਂ ਮੈਨੂੰ ਰੋਜ਼ ਚਾਰ ਵਾਰ ਇੰਸੁਲਿਨ ਦੇ ਟੀਕੇ ਲੱਗਦੇ ਹਨ। ਇਨ੍ਹਾਂ ਨੇ ਜੇਲ੍ਹ 'ਚ ਮੇਰੇ ਟੀਕੇ ਬੰਦ ਕਰ ਦਿੱਤੇ। ਇਸ ਨਾਲ ਮੇਰੀ ਕਿਡਨੀ ਖ਼ਰਾਬ ਹੋ ਸਕਦੀ ਸੀ ਅਤੇ ਮੇਰੀ ਮੌਤ ਵੀ ਹੋ ਸਕਦੀ ਸੀ। ਇਨ੍ਹਾਂ ਦੀਆਂ ਇੰਨੀਆਂ ਸਾਜਿਸ਼ਾਂ ਤੋਂ ਬਾਅਦ ਵੀ ਭਗਵਾਨ ਦੀ ਕਿਰਪਾ, ਜਨਤਾ ਦੇ ਆਸ਼ੀਰਵਾਦ, ਸੰਵਿਧਾਨ ਦੀ ਤਾਕਤ ਅਤੇ ਸੁਪਰੀਮ ਕੋਰਟ ਦੇ ਨਿਆਂ ਕਾਰਨ ਮੈਂ ਜੇਲ੍ਹ ਤੋਂ ਬਾਹਰ ਆ ਗਿਆ।'' ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਕੰਮਾਂ ਨੂੰ ਅਤੇ ਮਿਲ ਰਹੀਆਂ ਸਹੂਲਤਾਂ ਨੂੰ ਹੁਣ ਸਿਰਫ਼ ਤੁਹਾਡੀ ਵੋਟ ਦੀ ਤਾਕਤ ਨਾਲ ਹੀ ਬਚਾ ਸਕਦੇ ਹਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News