ਦੇਸ਼ ’ਚ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਮਿਲਕੇ ਕੰਮ ਕਰਨ PM ਮੋਦੀ : ਕੇਜਰੀਵਾਲ
Wednesday, Oct 19, 2022 - 03:32 PM (IST)
ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਇਕੱਠੇ ਮਿਲਕੇ ਕੰਮ ਕਰਨ ਦੀ ਅਪੀਲ ਕੀਤੀ ਅਤੇ ਆਪਣੀ ਸਰਕਾਰ ਦੇ ਅਨੁਭਵਾਂ ਦਾ ਇਸਤੇਮਾਲ ਕਰਨ ਦੀ ਪੇਸ਼ਕਸ਼ ਕੀਤੀ। ਮੋਦੀ ਦੀ ਗੁਜਰਾਤ ਦੇ ਗਾਂਧੀਨਗਰ ਦੀ ਯਾਤਰਾ ਅਤੇ ਉੱਥੋਂ ਦੇ ਸਕੂਲ ’ਚ ਉਨ੍ਹਾਂ ਦੀ ਵਿਦਿਆਰਥੀਆਂ ਨਾਲ ਮੁਲਾਕਾਤ ਤੋਂ ਬਾਅਦ ਕੇਜਰੀਵਾਲ ਨੇ ਇਹ ਟਿੱਪਣੀ ਕੀਤੀ ਹੈ।
ਕੇਜਰੀਵਾਲ ਨੇ ਟਵੀਟ ਕੀਤਾ, ‘ਪੀ.ਐੱਮ. ਸਰ, ਅਸੀਂ ਦਿੱਲੀ ’ਚ ਸਿੱਖਿਆ ਦੇ ਖੇਤਰ ’ਚ ਸ਼ਾਨਦਾਰ ਕੰਮ ਕੀਤਾ ਹੈ। 5 ਸਾਲਾਂ ’ਚ ਦਿੱਲੀ ਦੇ ਸਾਰੇ ਸਰਕਾਰੀ ਸਕੂਲ ਸ਼ਾਨਦਾਰ ਬਣਾ ਦਿੱਤੇ। ਪੂਰੇ ਦੇਸ਼ ਦੇ ਸਕੂਲ 5 ਸਾਲਾਂ ’ਚ ਠੀਕ ਹੋ ਸਕਦੇ ਹਨ। ਸਾਨੂੰ ਅਨੁਭਵ ਹੈ। ਕਿਰਪਾ ਕਰਕੇ ਤੁਸੀਂ ਸਾਨੂੰ ਪੂਰੀ ਤਰ੍ਹਾਂ ਇਸ ਲਈ ਇਸਤੇਮਾਲ ਕਰੋ। ਮਿਲਕੇ ਕਰਦੇ ਹਾਂ ਨਾ। ਦੇਸ਼ ਲਈ।’
ਉਨ੍ਹਾਂ ਵਿਦਿਆਰਥੀਆਂ ਦੇ ਨਾਲ ਇਕ ਜਮਾਤ ’ਚ ਬੈਠੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਵੀ ਪੋਸਟ ਕੀਤੀ।
ਕੇਜਰੀਵਾਲ ਨੇ ਟਵੀਟ ਕੀਤਾ, ‘ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਦੇਸ਼ ਦੀਆਂ ਸਾਰੀਆਂ ਪਾਰਟੀਆਂ ਅਤੇ ਨੇਤਾਵਾਂ ਨੂੰ ਸਿੱਖਿਆ ਅਤੇ ਸਕੂਲਾਂ ਦੀ ਗੱਲ ਕਰਨੀ ਪੈ ਰਹੀ ਹੈ। ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ। ਮੈਂ ਉਮੀਦ ਕਰਦਾ ਹਾਂ ਕਿ ਸਿਰਫ਼ ਚੋਣਾਂ ਦੌਰਾਨ ਸਿੱਖਿਆ ਯਾਦ ਨਾ ਆਏ। ਸਾਰੀਆਂ ਸਰਕਾਰਾਂ ਮਿਲਕੇ ਸਿਰਫ਼ 5 ਸਾਲਾਂ ’ਚ ਸਾਰੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾ ਸਕਦੀਆਂ ਹਨ।’