ਦਿੱਲੀ ’ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਔਖੀ ਘੜੀ ’ਚ ਕੇਂਦਰ ਕਰੇ ਮਦਦ: ਕੇਜਰੀਵਾਲ
Thursday, Apr 22, 2021 - 01:29 PM (IST)
 
            
            ਨਵੀਂ ਦਿੱਲੀ– ਦਿੱਲੀ, ਮਹਾਰਾਸ਼ਟਰ ਤੋਂ ਲੈ ਕੇ ਉੱਤਰ-ਪ੍ਰਦੇਸ਼ ਤਕ ਕਈ ਰਾਜ ਹਸਪਤਾਲਾਂ ’ਚ ਆਕਸੀਜਨ ਦੀ ਕਮੀ ਨਾਲ ਜੂਝ ਰਹ ਹਨ, ਜਿਸ ਨਾਲ ਕੋਰੋਨਾ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਆਕਸੀਜਨ ਨੂੰ ਲੈ ਕੇ ਮਚੀ ਹਾਹਾਕਾਰ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਕੇਂਦਰ ਅਤੇ ਹਾਈ ਕੋਰਟ ਤੋਂ ਸਾਨੂੰ ਮਦਦ ਮਿਲੀ ਹੈ। ਕੇਜਰੀਵਾਲ ਨੇ ਕਿਹਾ ਕਿ ਹਾਲਾਂਕਿ, ਅਜੇ ਵੀ ਕਈ ਹਸਪਤਾਲਾਂ ’ਚ ਆਕਸੀਜਨ ਦੀ ਕਮੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ ਹੈ।
ਕੇਜਰੀਵਾਲ ਨੇ ਕਿਹਾ ਕਿ ਸਾਨੂੰ ਕੇਂਦਰ ਵਲੋਂ ਪਹਿਲਾਂ 380 ਟਨ ਆਕਸੀਜਨ ਦਿੱਤੀ ਜਾ ਰਹੀ ਸੀ ਜਿਸ ਨੂੰ ਹੁਣ ਵਧਾ ਕੇ 480 ਟਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਜਿੰਨੀ ਵੀ ਆਕਸੀਜਨ ਸਪਲਾਈ ਹੁੰਦੀ ਹੈ, ਸਾਰੀ ਬਾਹਰ ਦੇ ਰਾਜਾਂ ਤੋਂ ਹੀ ਆਉਂਦੀ ਹੈ। ਦਿੱਲੀ ਨੂੰ ਕਿਸ ਰਾਜ ਤੋਂ ਅਤੇ ਕਿਹੜੀ ਕੰਪਨੀ ਦੀ ਆਕਸੀਜਨ ਮਿਲੇਗੀ, ਇਹ ਕੇਂਦਰ ਸਰਕਾਰ ਤੈਅ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਰਾਜਾਂ ਤੋਂ ਦਿੱਲੀ ਨੂੰ ਆਕਸੀਜਨ ਮਿਲ ਰਹੀ ਹੈ, ਉਥੋਂ ਦੀਆਂ ਰਾਜ ਸਰਕਾਰਾਂ, ਕੰਪਨੀਆਂ ਨੂੰ ਰੋਕ ਰਹੀਆਂ ਹਨ।
ਕੇਜਰੀਵਾਲ ਨੇ ਕਿਹਾ ਕਿ ਜੀ.ਟੀ.ਬੀ. ਹਸਪਤਾਲ ’ਚ ਆਉਣ ਵਾਲਾ ਆਕਸੀਜਨ ਦਾ ਟਰੱਕ ਇਕ ਰਾਜ ’ਚ ਰੋਕਿਆ ਗਿਆ, ਉਦੋਂ ਇਕ ਕੇਂਦਰੀ ਮੰਤਰੀ ਨਾਲ ਗੱਲ ਕਰਵਾਈ ਅਤੇ ਫਿਰ ਆਕਸੀਜਨ ਦਿੱਲੀ ਪਹੁੰਚ ਸਕੀ। ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਵੱਡੀ ਆਫਤ ਹੈ ਅਤੇ ਇਸ ਨਾਲ ਕੋਈ ਇਕ ਨਹੀਂ ਸਗੋਂ ਦੇਸ਼ ਦੇ ਸਾਰੇ ਰਾਜ ਜੂਝ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਪਸ ’ਚ ਲੜਨ ਦੀ ਬਜਾਏ ਰਾਜਾਂ ਨੂੰ ਕੋਰੋਨਾ ਖ਼ਿਲਾਫ਼ ਉਕੱਠੇ ਹੋ ਕੇ ਲੜਨਾ ਚਾਹੀਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            