ਮਜ਼ਦੂਰਾਂ ਦਾ ਹੱਕ ਮਾਰ ਕੇ ਮਾਲਾਮਾਲ ਹੋ ਰਹੇ ਕੇਜਰੀਵਾਲ: ਅਨੁਰਾਗ ਠਾਕੁਰ
Sunday, Dec 04, 2022 - 02:28 PM (IST)
ਨਵੀਂ ਦਿੱਲੀ- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਅਰਵਿੰਦ ਕੇਜਰੀਵਾਲ ਸਰਕਾਰ ’ਤੇ ਇਕ ਨਵੇਂ ਲੇਬਰ ਘਪਲੇ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਬੀਤੇ 8 ਸਾਲਾਂ ’ਚ ਕੇਜਰੀਵਾਲ ਨੇ ਦਿੱਲੀ ਨੂੰ ਭ੍ਰਿਸ਼ਟਾਚਾਰ ਦਾ ਇਕ ਨਵਾਂ ਮਾਡਲ ਅਤੇ ਨਵੇਂ ਤੋਂ ਨਵੇਂ ਭ੍ਰਿਸ਼ਟਾਚਾਰ ਦੀ ਪ੍ਰਯੋਗਸ਼ਾਲਾ ਬਣਾ ਦਿੱਤਾ ਹੈ।
ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਅਜਿਹੀ ਸਰਕਾਰ ਹੈ, ਜਿਸ ਦੇ ਕਿਸੇ ਇਕ ਕੰਮ ’ਚ ਨਹੀਂ, ਸਗੋਂ ਸਾਰੇ ਕੰਮਾਂ ’ਚ ਘਪਲਾ ਹੈ। ਡੀ. ਟੀ. ਸੀ. ਬੱਸ ਘਪਲਾ, ਸਕੂਲ ਘਪਲਾ, ਸ਼ਰਾਬ ਘਪਲਾ, ਹਵਾਲਾ ਘਪਲਾ, ਇਸ਼ਤਿਹਾਰ ਘਪਲਾ ਅਤੇ ਇਨ੍ਹਾਂ ਸਭ ਤੋਂ ਵੱਧ ਸ਼ਰਮਨਾਕ ਹੈ ਹੁਣ ਸਾਹਮਣੇ ਆਇਆ ਮਜ਼ਦੂਰ ਸਹਾਇਤਾ ਫੰਡ ਘਪਲਾ, ਜਿਸ ’ਚ ਅਰਵਿੰਦ ਕੇਜਰੀਵਾਲ ਨੇ ਸਾਡੇ ਮਜ਼ਦੂਰ ਭਰਾਵਾਂ ਦੇ ਹੱਕ ਦੇ ਹਜ਼ਾਰਾਂ ਕਰੋੜ ਰੁਪਏ ਡੱਕਾਰ ਲਏ।
ਸਾਡੇ ਮਜ਼ਦੂਰ ਦੋ ਵੇਲੇ ਦੀ ਰੋਟੀ ਕਮਾਉਣ ਲਈ ਇੰਨੀ ਮਿਹਨਤ ਕਰਦੇ ਹਨ ਅਤੇ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਕਰ ਕੇ ਉਨ੍ਹਾਂ ਦੇ ਹੱਕ ਦਾ ਪੈਸਾ ਮਾਰ ਕੇ ਖੁਦ ਮਾਲਾਮਾਲ ਹੋ ਰਹੇ ਹਨ। ਕੋਵਿਡ ਕਾਲ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਮਜ਼ਦੂਰਾਂ ਦੇ ਨਾਂ ’ਤੇ ਵੱਡਾ ਘਪਲਾ ਕੀਤਾ ਅਤੇ ਜਿਨ੍ਹਾਂ 2 ਲੱਖ ਮਜ਼ਦੂਰਾਂ ਨੂੰ ਰਜਿਸਟਰਡ ਕਰ ਕੇ ਉਨ੍ਹਾਂ ਨੂੰ ਸਹਾਇਤਾ ਵੰਡੀ ਗਈ, ਉਨ੍ਹਾਂ ’ਚੋਂ ਅੱਧੇ ਤੋਂ ਵੱਧ ਮਾਮਲੇ ਜਾਂਚ ’ਚ ਫਰਜ਼ੀ ਪਾਏ ਗਏ ਹਨ।
ਠਾਕੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰੀਆਂ ਦੇ ਯਾਰ ਹਨ ਅਤੇ ਦਿੱਲੀ ਦੇ ਗੁਨਾਹਗਾਰ ਹਨ। ਕੇਜਰੀਵਾਲ ਨੇ ਦਿੱਲੀ ’ਚ ਆਪਣੇ ਕਾਰਜਕਾਲ ਦੌਰਾਨ ਇਕ ਵੀ ਯੂਨੀਵਰਸਿਟੀ ਨਹੀਂ ਬਣਾਈ ਪਰ ਇਕ ਰੇਪਿਸਟ ਨੂੰ ਥੈਰੇਪਿਸਟ ਬਣਾਉਣ ਦਾ ਗਜ਼ਬ ਫਾਰਮੂਲਾ ਸਾਹਮਣੇ ਰੱਖਿਆ। ਇਕ ਕੈਦੀ ਜੇਲਰ ਦੀ ਭੂਮਿਕਾ ’ਚ ਕਿਵੇਂ ਆ ਸਕਦਾ ਹੈ, ਇਹ ਉਨ੍ਹਾਂ ਨੇ ਸਤੇਂਦਰ ਜੈਨ ਨਾਲ ਕਰ ਕੇ ਵਿਖਾ ਦਿੱਤਾ। ਇਹ ਅਫਸੋਸ ਦੀ ਗੱਲ ਹੈ ਕਿ ਉਹ ਆਪਣੇ ਇਕ ਅਜਿਹੇ ਮੰਤਰੀ, ਜਿਸ ਦੀਆਂ ਜ਼ਮਾਨਤ ਪਟੀਸ਼ਨਾਂ ਅਦਾਲਤਾਂ ਵੱਲੋਂ ਵਾਰ-ਵਾਰ ਰੱਦ ਹੋ ਚੁੱਕੀਆਂ ਹਨ, ਨੂੰ ਇਮਾਨਦਾਰੀ ਦਾ ਸਰਟੀਫਿਕੇਟ ਵੰਡ ਰਹੇ ਹਨ।
ਅਨੁਰਾਗ ਨੇ ਕਿਹਾ ਕਿ ਸਰਕਾਰੀ ਕੰਮਾਂ ਦੀ ਗੱਲ ਤਾਂ ਛੱਡੋ, ਕੇਜਰੀਵਾਲ ਨੇ ਚੋਣ ਟਿਕਟ ਵੰਡਣ ਨੂੰ ਵੀ ਘਪਲਾ ਬਣਾ ਦਿੱਤਾ ਹੈ। ਦਿੱਲੀ ਦੀਆਂ ਨਗਰ ਨਿਗਮ ਚੋਣਾਂ ਹੋਣ ਜਾਂ ਫਿਰ ਇਸ ਤੋਂ ਪਹਿਲਾਂ ਦੀਆਂ ਵਿਧਾਨ ਸਭਾ ਚੋਣਾਂ, ਪੰਜਾਬ, ਗੁਜਰਾਤ, ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਹੋਣ, ਹਰ ਚੋਣ ਲਈ ਟਿਕਟ ਇਨ੍ਹਾਂ ਨੇ ਵੰਡੀ ਨਹੀਂ, ਸਗੋਂ ਵੇਚੀ ਹੈ, ਇਸ ਦੇ ਕਈ ਵੀਡੀਓ ਸਬੂਤ ਵੀ ਸਾਹਮਣੇ ਆਏ ਹਨ।