ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ''ਚ ਅਧਿਆਪਕਾਂ ਨੂੰ ਸੱਦਾ, BJP ਬੋਲੀ- ''ਤੁਗ਼ਲਕੀ ਫਰਮਾਨ''

02/15/2020 12:49:22 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਐਤਵਾਰ ਭਾਵ 16 ਫਰਵਰੀ ਨੂੰ ਮੁੱਖ ਮੰਤਰੀ ਦੇ ਅਹੁੰਦੇ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿਚ ਦਿੱਲੀ ਦੇ ਸਾਰੇ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ਸੱਦਾ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਕੇਜਰੀਵਾਲ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਆਪਣੇ ਮੰਤਰੀਆਂ ਸਮੇਤ ਸਹੁੰ ਚੁੱਕਣਗੇ। ਸਿੱਖਿਆ ਡਾਇਰੈਕਟੋਰੇਟ (ਡਾਇਰੈਕਟੋਰੇਟ ਆਫ ਐਜੁਕੇਸ਼ਨ) ਵਲੋਂ ਸਾਰੇ ਸਕੂਲਾਂ ਦੇ ਅਧਿਆਪਕਾਂ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਹੈੱਪੀਨੇਸ ਕੋਆਰਡੀਨੇਸ਼ਨ ਅਤੇ ਸਿੱਖਿਆ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ ਹੈ। ਸਿੱਖਿਆ ਡਾਇਰੈਕਟੋਰੇਟ ਇਸ ਲਈ ਬਕਾਇਦਾ ਸਰਕੂਲਰ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 'ਆਪ' ਸਰਕਾਰ ਨੇ ਆਪਣੇ ਸਿੱਖਿਆ ਮਾਡਲ ਦਾ ਖੂਬ ਪ੍ਰਚਾਰ ਕੀਤਾ ਸੀ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਰਾਜਧਾਨੀ ਦੇ ਸਰਕਾਰੀ ਸਕੂਲਾਂ ਦੀ ਕਾਇਆ ਪਲਟ ਦਿੱਤੀ ਹੈ। ਅਧਿਆਪਕ ਪਿਛਲੇ 5 ਸਾਲਾਂ ਵਿਚ ਦਿੱਲੀ ਦੇ ਬਦਲਾਅ ਦੇ ਸੂਤਰਧਾਰ ਹਨ। 

ਸਰਕੂਲਰ 'ਚ ਕਿਹਾ ਗਿਆ ਹੈ ਕਿ ਸਾਰੇ ਸਕੂਲ ਸਹੁੰ ਚੁੱਕ ਸਮਾਰੋਹ 'ਚ ਪ੍ਰਿੰਸੀਪਲ ਨਾਲ 20 ਨਿਯਮਿਤ ਅਤੇ ਗੈਸਟ ਅਧਿਆਪਕਾਂ ਨੂੰ ਭੇਜਣ। ਸਾਰੇ ਪ੍ਰਿੰਸੀਪਲ 20 ਅਧਿਆਪਕਾਂ ਵਾਲੀ ਸੂਚੀ ਡਾਇਰੈਕਟੋਰੇਟ ਦੇ ਦਫਤਰ ਨੂੰ 15 ਫਰਵਰੀ ਤਕ ਭੇਜ ਦੇਣ ਅਤੇ ਉਸ ਦੀ ਇਕ ਕਾਪੀ ਐਂਟਰੀ ਗੇਟ 'ਤੇ ਹਾਜ਼ਰੀ ਦੇਖ ਰਹੇ ਸੰਬੰਧਤ ਅਧਿਕਾਰੀ ਨੂੰ ਵੀ ਭੇਜੀ ਜਾਵੇ। ਸਾਰਿਆਂ ਨੂੰ ਆਈ.ਡੀ. ਕਾਰਡ ਲੈ ਕੇ ਆਉਣ ਨੂੰ ਕਿਹਾ ਗਿਆ ਹੈ। ਉਨ੍ਹਾਂ ਨੂੰ 16 ਫਰਵਰੀ ਸਵੇਰੇ 10 ਵਜੇ ਸਹੁੰ ਚੁੱਕ ਸਮਾਰੋਹ 'ਚ ਪਹੁੰਚਣਾ ਹੋਵੇਗਾ। ਓਧਰ ਭਾਜਪਾ ਨੇ ਇਸ ਦੀ ਤਿੱਖੀ ਆਲੋਚਨਾ ਕੀਤੀ ਅਤੇ ਇਸ ਨੂੰ ਤੁਗ਼ਲਕੀ ਫਰਮਾਨ ਕਰਾਰ ਦਿੱਤਾ। 

ਭਾਜਪਾ ਨੇਤਾ ਅਤੇ ਨਵੇਂ ਚੁਣੇ ਵਿਧਾਇਕ ਵਜਿੰਦਰ ਗੁਪਤਾ ਨੇ ਇਸ ਨੂੰ ਤੁਗ਼ਲਕੀ ਫਰਮਾਨ ਕਿਹਾ ਅਤੇ ਸ਼ਨੀਵਾਰ ਨੂੰ ਕੇਜਰੀਵਾਲ ਨੂੰ ਇਕ ਚਿੱਠੀ ਲਿਖ ਕੇ ਇਸ ਆਦੇਸ਼ ਨੂੰ ਵਾਪਸ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਰਾਜਨੀਤੀ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ। ਓਧਰ 'ਆਪ' ਆਗੂ ਜੈਸਮੀਨ ਸ਼ਾਹ ਨੇ ਟਵੀਟ ਕੀਤਾ ਕਿ ਦਿੱਲੀ ਦੇ ਅਧਿਆਪਕ ਅਤੇ ਪ੍ਰਿੰਸੀਪਲ ਪਿਛਲੇ 5 ਸਾਲਾਂ ਤੋਂ ਦਿੱਲੀ ਦੀ ਤਸਵੀਰ ਬਦਲਣ ਦੇ ਸੂਤਰਧਾਰ ਹਨ। ਉਹ ਕੱਲ ਰਾਮਲੀਲਾ ਮੈਦਾਨ ਵਿਚ ਸਹੁੰ ਚੁੱਕ ਸਮਾਰੋਹ 'ਚ ਭੇਜੇ ਸੱਦੇ ਦੇ ਯੋਗ ਹਨ। ਇੱਥੇ ਦੱਸ ਦੇਈਏ ਕਿ 'ਆਪ' ਨੇ ਦਿੱਲੀ 'ਚ ਹੋਣ ਜਾ ਰਹੇ ਸਹੁੰ ਚੁੱਕ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਬਨਿਟ, ਭਾਜਪਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਸਮੇਤ ਸਾਰਿਆਂ ਨੂੰ ਸਹੁੰ ਚੁੱਕ ਸਮਾਰੋਹ ਲਈ ਸੱਦਾ ਦਿੱਤਾ ਹੈ।


Tanu

Content Editor

Related News