ਕੇਜਰੀਵਾਲ ਦੇ ਲਿਖਤੀ ਮੁਆਫ਼ੀਨਾਮੇ ਤੋਂ ਪਹਿਲਾਂ ਗਡਕਰੀ ਨਾਲ 4 ਮਹੀਨੇ ਤੱਕ ਚੱਲੀ ਗੱਲਬਾਤ

03/20/2018 11:40:04 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਣਹਾਨੀ ਕੇਸ 'ਚ ਝੁਕਾਉਣ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਾਫੀ ਸਖਤੀ ਦਿਖਾਈ। ਗਡਕਰੀ ਨੂੰ ਭ੍ਰਿਸ਼ਟ ਬੁਲਾਉਣ ਕਾਰਨ ਉਨ੍ਹਾਂ ਨੇ ਕੇਜਰੀਵਾਲ 'ਤੇ ਮਾਣਹਾਨੀ ਕੇਸ ਦਾਇਰ ਕੀਤਾ ਸੀ। ਇਸੇ ਕੇਸ 'ਚ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਤੋਂ ਮੁਆਫ਼ੀ ਮੰਗ ਲਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਸਮੀ ਤੌਰ 'ਤੇ ਕੇਜਰੀਵਾਲ ਨੇ ਪਿਛਲੇ ਸਾਲ ਹੀ ਨਿਤਿਨ ਗਡਕਰੀ ਨਾਲ ਆਪਣੇ ਵਤੀਰੇ ਲਈ ਅਫਸੋਸ ਜ਼ਾਹਰ ਕੀਤਾ ਸੀ। ਸੂਤਰਾਂ ਨੇ ਇਕ ਅਖਬਾਰ ਨੂੰ ਦੱਸਿਆ,''ਕੇਜਰੀਵਾਲ ਨੇ ਰਸਮੀ ਤੌਰ 'ਤੇ ਇਕ ਸਾਲ ਪਹਿਲਾਂ ਹੀ ਮੁਆਫ਼ੀ ਮੰਗ ਲਈ ਸੀ ਪਰ ਪਿਛਲੇ 4 ਮਹੀਨਿਆਂ ਤੋਂ ਇਸ ਦਿਸ਼ਾ 'ਚ ਰਸਮੀ ਗੱਲਬਾਤ ਚੱਲ ਰਹੀ ਹੈ।'' ਜ਼ਿਕਰਯੋਗ ਹੈ ਕਿ 16 ਮਾਰਚ ਨੂੰ ਕੇਜਰੀਵਾਲ ਦੇ ਲਿਖਤੀ ਮੁਆਫ਼ੀਨਾਮੇ ਤੋਂ ਬਾਅਦ ਦੋਵੇਂ ਨੇਤਾਵਾਂ ਨੇ ਦਿੱਲੀ ਦੀ ਇਕ ਅਦਾਲਤ 'ਚ ਕੇਸ ਰੱਦ ਕਰਨ ਲਈ ਸਾਂਝੀ ਅਰਜ਼ੀ ਦਿੱਤੀ ਹੈ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਗਡਕਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਕੇਜਰੀਵਾਲ ਦੀ ਮੁਲਾਕਾਤ ਅਤੇ ਰਸਮੀ ਗੱਲਬਾਤ ਹੋਈ, ਜਿਸ ਤੋਂ ਬਾਅਦ ਆਖਰਕਾਰ ਦੋਵੇਂ ਪੱਖੇ ਨਤੀਜੇ ਤੱਕ ਪੁੱਜ ਸਕੇ। ਸੂਤਰਾਂ ਨੇ ਦੱਸਿਆ,''ਦੋਹਾਂ ਪੱਖਾਂ ਦਰਮਿਆਨ ਗੱਲਬਾਤ ਕਾਫੀ ਸਮੇਂ ਚੱਲੀ। ਮੁਆਫ਼ੀਨਾਮੇ ਲਈ ਸ਼ਬਦਾਂ ਦੀ ਵਰਤੋਂ ਨੂੰ ਲੈ ਕੇ ਜਦੋਂ ਆਖਰੀ ਫੈਸਲਾ ਹੋਇਆ, ਉਸ ਤੋਂ ਬਾਅਦ ਹੀ ਦੋਵੇਂ ਪੱਖ ਲਿਖਤੀ ਮੁਆਫ਼ੀਨਾਮੇ ਦੀ ਸਹਿਮਤੀ ਤੱਕ ਪੁੱਜ ਸਕੇ। ਮੁਆਫ਼ੀਨਾਮੇ 'ਚ ਕੇਜਰੀਵਾਲ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੇ ਗਡਕਰੀ 'ਤੇ ਬਿਨਾਂ ਨਤੀਜਿਆਂ ਅਤੇ ਜਾਂਚ ਦੇ ਹੀ ਦੋਸ਼ ਲਗਾਏ ਸਨ।''
ਸੂਤਰਾਂ ਨੇ ਇਹ ਵੀ ਦੱਸਿਆ ਕਿ ਗਡਕਰੀ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ 'ਤੇ ਧਿਆਨ ਦੇਣ ਅਤੇ ਇਸ ਲਈ ਦੂਜੇ ਮਾਣਹਾਨੀ ਕੇਸਾਂ 'ਚ ਵੀ ਮੁਆਫ਼ੀ ਮੰਗ ਕੇ ਅੱਗੇ ਵਧਣ। ਦਿੱਲੀ ਦੇ ਮੁੱਖ ਮੰਤਰੀ ਨੇ ਇਸੇ ਤਰ੍ਹਾਂ ਦਾ ਮੁਆਫ਼ੀਨਾਮਾ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਅਤੇ ਉਨ੍ਹਾਂ ਦੇ ਬੇਟੇ ਅਮਿਤ ਸਿੱਬਲ ਨੂੰ ਵੀ ਭੇਜਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ 33 ਮਾਣਹਾਨੀ ਮੁਕੱਦਮੇ ਕੇਜਰੀਵਾਲ 'ਤੇ ਹਨ ਅਤੇ ਉਹ ਉਨ੍ਹਾਂ ਸਾਰਿਆਂ ਦਾ ਨਿਪਟਾਰਾ ਕੋਰਟ ਦੇ ਬਾਹਰ ਹੀ ਕਰਨਾ ਚਾਹੁੰਦੇ ਹਨ।


Related News