ਗੁਜਰਾਤ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ PM ਨੂੰ ਅਪੀਲ, ਨੋਟਾਂ 'ਤੇ ਲੱਗੇ ਮਾਂ ਲਕਸ਼ਮੀ ਤੇ ਗਣੇਸ਼ ਜੀ ਦੀ ਤਸਵੀਰ

Wednesday, Oct 26, 2022 - 11:51 AM (IST)

ਗੁਜਰਾਤ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ PM ਨੂੰ ਅਪੀਲ, ਨੋਟਾਂ 'ਤੇ ਲੱਗੇ ਮਾਂ ਲਕਸ਼ਮੀ ਤੇ ਗਣੇਸ਼ ਜੀ ਦੀ ਤਸਵੀਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੋਟਾਂ 'ਤੇ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀਆਂ ਤਸਵੀਰਾਂ ਲਗਾਉਣ ਦੀ ਅਪੀਲ ਕੀਤੀ। ਇਕ ਮੀਡੀਆ ਬ੍ਰੀਫਿੰਗ ਦੌਰਾਨ, ਉਨ੍ਹਾਂ ਕਿਹਾ ਕਿ ਗਣੇਸ਼ ਅਤੇ ਲਕਸ਼ਮੀ ਦੀਆਂ ਤਸਵੀਰਾਂ ਤਾਜ਼ਾ ਮੁਦਰਾ ਨੋਟਾਂ 'ਤੇ ਲਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਨੋਟਾਂ 'ਚ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੀ ਪਾਸੇ 2 ਦੇਵਤਿਆਂ ਦੀਆਂ ਤਸਵੀਰ ਹੋ ਸਕਦੀ ਹੈ। ਕੇਜਰੀਵਾਲ ਨੇ ਕਿਹਾ,''ਜੇਕਰ ਸਾਡੇ ਨਾਲ ਦੇਵੀ-ਦੇਵਤਾ ਦਾ ਆਸ਼ੀਰਵਾਦ ਨਹੀਂ ਹੈ ਤਾਂ ਕਈ ਵਾਰ ਕੋਸ਼ਿਸ਼ ਦੇ ਬਾਵਜੂਦ ਅਸੀਂ ਸਫ਼ਲ ਨਹੀਂ ਹੁੰਦੇ ਹਾਂ। ਮੈਂ ਪੀ.ਐੱਮ. (ਮੋਦੀ) ਨੂੰ ਅਪੀਲ ਕਰਦਾ ਹਾਂ ਕਿ ਸਾਡੀ ਮੁਦਰਾ (ਨੋਟਸ) 'ਤੇ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦੀਆਂ ਤਸਵੀਰਾਂ ਹੋਣ।''

ਉਨ੍ਹਾਂ ਕਿਹਾ,''ਜੇਕਰ ਨੋਟ 'ਤੇ ਲਕਸ਼ਮੀ-ਗਣੇਸ਼ ਦੀ ਤਸਵੀਰ ਹੋਵੇਗੀ ਤਾਂ ਸਾਡਾ ਦੇਸ਼ ਖ਼ੁਸ਼ਹਾਲ ਹੋਵੇਗਾ। ਮੈਂ ਇਸ 'ਤੇ ਇਕ ਜਾਂ 2 ਦਿਨ 'ਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਾਂਗਾ।'' ਉਨ੍ਹਾਂ ਨੇ ਇਕ ਮੁਸਲਿਮ ਰਾਸ਼ਟਰ ਇੰਡੋਨੇਸ਼ੀਆ ਦਾ ਉਦਾਹਰਣ ਦਿੱਤਾ, ਜਿਸ ਦੇ ਨੋਟ 'ਤੇ ਗਣੇਸ਼ ਦੀ ਤਸਵੀਰ ਹੈ। ਉਨ੍ਹਾਂ ਕਿਹਾ,''ਜਦੋਂ ਇੰਡੋਨੇਸ਼ੀਆ ਕਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ? ਤਸਵੀਰਾਂ ਤਾਜ਼ਾ (ਮੁਦਰਾ) ਨੋਟਾਂ 'ਤੇ ਲਗਾਈਆਂ ਜਾ ਸਕਦੀਆਂ ਹਨ।'' ਇਸ 'ਤੇ ਅਫ਼ਸੋਸ ਜਤਾਉਂਦੇ ਹੋਏ ਭਾਰਤ ਦੀ ਅਰਥਵਿਵਸਥਾ ਚੰਗੀ ਸਥਿਤੀ 'ਚ ਨਹੀਂ ਹੈ, ਉਨ੍ਹਾਂ ਕਿਹਾ ਕਿ ਦੇਸ਼ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਨਾਜ਼ੁਕ ਸਥਿਤੀ ਤੋਂ ਲੰਘ ਰਿਹਾ ਹੈ।

ਕੇਜਰੀਵਾਲ ਨੇ ਕਿਹਾ,''ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਰਤ ਖ਼ੁਸ਼ਹਾਲ ਹੋਵੇ ਅਤੇ ਇੱਥੇ ਦਾ ਹਰ ਪਰਿਵਾਰ ਖ਼ੁਸ਼ਹਾਲ ਹੋਵੇ। ਸਾਨੂੰ ਵੱਡੇ ਪੈਮਾਨੇ 'ਤੇ ਸਕੂਲ ਅਤੇ ਹਸਪਤਾਲ ਖੋਲ੍ਹਣੇ ਹੋਣਗੇ।'' ਕੇਜਰੀਵਾਲ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਨਗਰ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਲੋਕ ਭਾਜਪਾ ਨੂੰ ਖਾਰਜ ਕਰ ਦੇਣਗੇ। ਉਨ੍ਹਾਂ ਨੇ ਭਾਜਪਾ ਨੂੰ ਗੁਜਰਾਤ 'ਚ ਕੀਤੇ ਗਏ ਇਕ ਚੰਗੇ ਕੰਮ ਦਾ ਹਵਾਲਾ ਦੇਣ ਦੀ ਵੀ ਚੁਣੌਤੀ ਦਿੱਤੀ, ਜਿੱਥੇ ਉਸ ਨੇ ਪਿਛਲੇ 27 ਸਾਲਾਂ ਤੋਂ ਸਰਕਾਰ ਚਲਾਈ ਹੈ। ਗੁਜਰਾਤ 'ਚ ਆਉਣ ਵਾਲੀਆਂ ਚੋਣਾਂ 'ਤੇ ਕੇਜਰੀਵਾਲ ਨੇ ਕਿਹਾ,''ਸਾਰੀਆਂ ਰਾਕਸ਼ਸੀ ਸ਼ਕਤੀਆਂ ਸਾਡੇ ਖ਼ਿਲਾਫ਼ ਹਨ।'' ਦਿੱਲੀ ਦੇ ਮੁੱਖ ਮੰਤਰੀ ਨੇ ਸ਼ਹਿਰ ਦੇ ਪ੍ਰਦੂਸ਼ਣ ਪੱਧਰ 'ਚ ਗਿਰਾਵਟ ਲਈ ਦਿੱਲੀਆਂ ਵਾਸੀਆਂ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,''ਅਸੀਂ ਹਾਲੇ ਵੀ ਸੰਤੁਸ਼ਟ ਨਹੀਂ ਹਾਂ। ਅਸੀਂ ਦਿੱਲੀ ਨੂੰ ਸਭ ਤੋਂ ਸਵੱਛ ਹਵਾ ਵਾਲਾ ਸ਼ਹਿਰ ਬਣਾਉਣਾ ਚਾਹੁੰਦੇ ਹਾਂ।''


author

DIsha

Content Editor

Related News