ਮਨੀਸ਼ ਸਿਸੋਦੀਆ ਦੇ ਘਰ ਪਹੁੰਚੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਭਾਜਪਾ ''ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

02/26/2023 10:23:38 PM

ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸਤ ਦਾ ਅਖਾੜਾ ਭੱਖਿਆ ਹੋਇਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਨੀਸ਼ ਸਿਸੋਦੀਆ ਦੇ ਗ੍ਰਹਿ ਵਿਖੇ ਪਹੁੰਚੇ ਹਨ। 

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਇਕ ਸ਼ਰੀਫ ਆਦਮੀ ਹਨ, ਉਹ ਬੇਕਸੂਰ ਹਨ। ਕੇਜਰੀਵਾਲ ਨੇ ਸਿਸੋਦੀਆ ਦੀ ਗ੍ਰਿਫ਼ਤਾਰੀ ਨੂੰ ਗੰਦੀ ਰਾਜਨੀਤੀ ਦੱਸਿਆ ਹੈ। ਭਾਜਪਾ 'ਤੇ ਵਰ੍ਹਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਇਮਾਨਦਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਅੰਦਰ ਸੁੱਟ ਰਹੇ ਹਨ, ਪਰ ਜਿਨ੍ਹਾਂ ਨੇ ਬੈਂਕਾਂ ਦੇ ਅਰਬਾਂ ਰੁਪਏ ਲੁੱਟੇ, ਉਹ ਇਨ੍ਹਾਂ ਦੇ ਦੋਸਤ ਹਨ। ਕੇਜਰੀਵਾਲ ਨੇ ਦੱਸਿਆ ਕਿ ਮਨੀਸ਼ ਸਿਸੋਦੀਆ ਦੀ ਪਤਨੀ ਨੂੰ ਦਿਮਾਗ ਦੀ ਗੰਭੀਰ ਬਿਮਾਰੀ ਹੈ। ਉਨ੍ਹਾਂ ਦਾ ਪੁੱਤਰ ਵਿਦੇਸ਼ ਵਿਚ ਪੜ੍ਹਾਈ ਕਰ ਰਿਹਾ ਹੈ ਤੇ ਸਿਸੋਦੀਆ ਹੀ ਪਤਨੀ ਦਾ ਧਿਆਨ ਰੱਖ ਰਹੇ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਭਰੋਸਾ ਦੇ ਕੇ ਆਏ ਹਾਂ ਕਿ ਚਿੰਤਾ ਨਾ ਕਰੋ, ਅਸੀਂ ਸਾਰੇ ਮਨੀਸ਼ ਸਿਸੋਦੀਆ ਦੇ ਨਾਲ ਹਾਂ।

ਇਹ ਖ਼ਬਰ ਵੀ ਪੜ੍ਹੋ - ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ 'ਤੇ ਭੜਕੇ ਅਰਵਿੰਦ ਕੇਜਰੀਵਾਲ, ਕਿਹਾ, "ਇਹ ਗੰਦੀ ਰਾਜਨੀਤੀ ਹੈ..."

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਝੂਠੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਲੱਖਾਂ ਬੱਚਿਆਂ ਦੀ ਉੱਚ ਸਿੱਖਿਆ ਦਾ ਅਪਮਾਨ ਹੈ। ਸਕੂਲ ਬਣਾਉਣ ਵਾਲਿਆਂ ਨੂੰ ਜੇਲ੍ਹ ਭੇਜਣਾ ਭਾਜਪਾ ਦਾ ਏਜੰਡਾ ਹੈ। ਉਹ ਨਹੀਂ ਚਾਹੁੰਦੇ ਕਿ ਦੇਸ਼ ਦੇ ਲੋਕ ਸਿੱਖਿਅਤ ਹੋਣ। ਜੇ ਲੋਕ ਸਿੱਖਿਅਤ ਹੋਣਗੇ ਤਾਂ ਭਾਜਪਾ ਦੇ ਨਫ਼ਰਤ ਦੇ ਏਜੰਡੇ ਨੂੰ ਫੇਲ੍ਹ ਕਰ ਦੇਣਗੇ। ਭਾਜਪਾ ਨਹੀਂ ਚਾਹੁੰਦੀ ਕਿ ਸਾਡੀ ਮਰਜ਼ੀ ਦੇ ਬਿਨਾਂ ਕੁੱਝ ਹੋਵੇ, ਲੋਕਤੰਤਰ ਵਿਚ ਇਹ ਸੰਭਵ ਨਹੀਂ ਹੈ। ਭਾਜਪਾ ਦੇਸ਼ ਵਿਚ ਆਮ ਆਦਮੀ ਪਾਰਟੀ ਦੀ ਵੱਧ ਰਹੀ ਮਜ਼ਬੂਤੀ ਨੂੰ ਦੇਖ ਕੇ ਘਬਰਾਈ ਹੋਈ ਹੈ ਤੇ ਸਾਡੀ ਟੀਮ ਨੂੰ ਤੋੜਣਾ ਚਾਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਕਤਲਕਾਂਡ 'ਚ 2 ਗੈਂਗਸਟਰਾਂ ਦਾ ਕਤਲ, CBI ਵੱਲੋਂ ਮਨੀਸ਼ ਸਿਸੋਦੀਆ ਗ੍ਰਿਫ਼ਤਾਰ, ਪੜ੍ਹੋ TOP 10

ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਅੰਦਰ ਤਾਂ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ ਜਿਹੜੇ ਐੱਲ.ਆਈ.ਸੀ. ਖਾ ਗਏ, ਬੈਂਕਾਂ ਦਾ ਪੈਸੇ ਖਾ ਗਏ। ਪਰ ਸਕੂਲ ਖੋਲ੍ਹਣ ਵਾਲਿਆਂ ਤੇ ਦਿੱਲੀ ਦੀ ਤਰੱਕੀ ਕਰਵਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ। ਆਮ ਆਦਮੀ ਪਾਰਟੀ ਇਸ ਸੱਭ ਤੋਂ ਡਰਨ ਵਾਲੀ ਨਹੀਂ, ਇਹ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਹੈ। ਅਸੀਂ ਇਸ ਦਾ ਡਟਵਾਂ ਵਿਰੋਧ ਕਰਾਂਗੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News