ਖੱਟੜ ਵੱਲੋਂ ਕਿਸਾਨਾਂ ਨੂੰ ਨਕਲੀ ਕਹਿਣ ''ਤੇ ਕੇਜਰੀਵਾਲ ਦਾ ਮੋੜਵਾਂ ਜਵਾਬ
Wednesday, Sep 25, 2024 - 11:05 PM (IST)
ਰੋਹਤਕ/ਭਿਵਾਨੀ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਹਿਮ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਤਾਂ ਹਰ ਘਰ ’ਚੋਂ ਕੋਈ ਨਾ ਕੋਈ ਦਿੱਲੀ ਬਾਰਡਰ ’ਤੇ ਆਇਆ ਸੀ।
ਦਿੱਲੀ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ 13 ਮਹੀਨੇ ਤੁਹਾਡੀ ਸੇਵਾ ਕੀਤੀ ਸੀ। ਪਾਣੀ ਦੇ ਟੈਂਕਰ ਅਤੇ ਖਾਣ-ਪੀਣ ਦਾ ਸਾਮਾਨ ਭੇਜਦਾ ਸੀ। ਜਦੋਂ ਪੀ.ਐੱਮ. ਮੋਦੀ ਨੂੰ ਜਾਪਿਆ ਕਿ ਉਹ ਹਾਰ ਜਾਣਗੇ ਤਾਂ ਉਨ੍ਹਾਂ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਏ ਪਰ ਹੁਣ ਭਾਜਪਾ ਦੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਮੰਗ ਕੀਤੀ ਹੈ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਲਾਗੂ ਕੀਤੇ ਜਾਣ। ਇਹ ਉਨ੍ਹਾਂ ਦੇ ਇਰਾਦੇ ਨੂੰ ਦਰਸਾਉਂਦਾ ਹੈ ਕਿ ਤਿੰਨੋਂ ਵਾਪਸ ਆਉਣ। ਅੱਜ ਖੱਟੜ ਸਾਹਿਬ ਨੇ ਕਿਹਾ ਕਿ ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨ ਨਕਲੀ ਹਨ। ਇਸ ਵਾਰ ਜਦੋਂ ਬਟਨ ਦਬਾਉਣ ਜਾਓ ਤਾਂ ਅਜਿਹਾ ਦਬਾਉਣਾ ਕਿ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਉਹ ਅਸਲੀ ਨਹੀਂ ਸਗੋਂ ਨਕਲੀ ਖੱਟੜ ਹਨ।
ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੈਨੂੰ ਝੂਠੇ ਕੇਸ ’ਚ 5 ਮਹੀਨੇ ਜੇਲ ਵਿਚ ਰੱਖਿਆ। ਜੇਲ ਵਿਚ ਮੈਨੂੰ ਤੋੜਨ ਦੀ ਬੜੀ ਕੋਸ਼ਿਸ਼ ਕੀਤੀ, ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ। ਉਨ੍ਹਾਂ ਦਾ ਮਕਸਦ ਕਿਸੇ ਵੀ ਤਰ੍ਹਾਂ ਮੈਨੂੰ ਝੁਕਾਉਣਾ ਸੀ।
ਕਈ ਦਿਨਾਂ ਤੱਕ ਇਨ੍ਹਾਂ ਨੇ ਮੇਰੀ ਦਵਾਈ ਵੀ ਬੰਦ ਰੱਖੀ ਸੀ, ਪਤਾ ਨਹੀਂ ਮੇਰੇ ਨਾਲ ਕੀ ਕਰਨਾ ਚਾਹੁੰਦੇ ਸਨ? ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ‘ਮੈਂ ਹਰਿਆਣੇ ਕਾ ਛੋਰਾ ਹੂੰ’। ਉਹ ਕਿਸੇ ਨੂੰ ਵੀ ਤੋੜ ਸਕਦੇ ਹਨ ਪਰ ਹਰਿਆਣਾ ਵਾਲੇ ਨੂੰ ਨਹੀਂ ਤੋੜ ਸਕਦੇ।
ਉਨ੍ਹਾਂ ਕਿਹਾ ਕਿ ਮੈਂ ਜੇਲ ’ਚੋਂ ਆਉਂਦਿਆਂ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅੱਜ ਦੇ ਸਮੇਂ ’ਚ ਕੋਈ ਆਪਣੀ ਚਪੜਾਸੀ ਦੀ ਨੌਕਰੀ ਨਹੀਂ ਛੱਡਦਾ ਅਤੇ ਮੈਂ ਖੁਦ ਅਸਤੀਫਾ ਦੇਕੇ ਆਇਆਂ ਹਾਂ।
ਦਿੱਲੀ ਦੀ ਜਨਤਾ ਨੂੰ ਜਾਪਦਾ ਹੈ ਕਿ ਮੈਂ ਇਮਾਨਦਾਰ ਹਾਂ ਅਤੇ ਮੈਨੂੰ ਜਿੱਤਾਏਗੀ, ਤਾਂ ਹੀ ਮੈਂ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਾਂਗਾ। ਉਨ੍ਹਾਂ ਕਿਹਾ ਕਿ ਹਰਿਆਣਾ ’ਚ ਜੋ ਵੀ ਸਰਕਾਰ ਬਣੇਗੀ, ਉਹ ਆਮ ਆਦਮੀ ਪਾਰਟੀ ਦੇ ਸਮਰਥਣ ਨਾਲ ਬਣੇਗੀ।