ਕੇਜਰੀਵਾਲ ਸਰਕਾਰ ਦੇ ਰਾਜ ’ਚ ਸਿੱਖ ਵਿਦਿਆਰਥਣ ਨੂੰ DSSSB ਦੀ ਪ੍ਰੀਖਿਆ ’ਚ ਬੈਠਣ ਤੋਂ ਰੋਕਿਆ
Thursday, Nov 14, 2019 - 10:39 PM (IST)
ਨਵੀਂ ਦਿੱਲੀ (ਚਾਵਲਾ)- ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਅਦਾਰੇ ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ (ਡੀ. ਐੱਸ. ਐੱਸ. ਐੱਸ. ਬੀ.) ਵੱਲੋਂ ਅੱਜ ਫਿਰ ਇਕ ਸਿੱਖ ਵਿਦਿਆਰਥਣ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਇਸ ਕਰ ਕੇ ਰੋਕ ਦਿੱਤਾ ਗਿਆ ਕਿਉਂਕਿ ਉਸ ਨੇ ਕੱਕਾਰ ਧਾਰਨ ਕੀਤੇ ਹੋਏ ਸਨ। ਕੇਜਰੀਵਾਲ ਸਰਕਾਰ ਵੱਲੋਂ ਸਿੱਖ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ਲਈ ਸਾਜ਼ਿਸ਼ਾਂ ਲਗਾਤਾਰ ਜਾਰੀ ਹੈ।
ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ। ਉਨ੍ਹਾਂ ਇਕ ਬਿਆਨ ਰਾਹੀਂ ਦੱਸਿਆ ਕਿ ਇਹ ਘਟਨਾ ਅੱਜ ਪ੍ਰੀਤਮਪੁਰਾ ਦੇ ਅਭਿਨਵ ਪਬਲਿਕ ਸਕੂਲ ਵਿਚ ਵਾਪਰੀ, ਜਿਥੇ ਹਰਲੀਨ ਕੌਰ ਨਾਮ ਦੀ ਵਿਦਿਆਰਥਣ ਪ੍ਰਾਇਮਰੀ ਅਧਿਆਪਕ ਦੀ ਆਸਾਮੀ ਵਾਸਤੇ ਡੀ. ਐੱਸ. ਐੱਸ. ਐੱਸ. ਬੀ. ਦੀ ਪ੍ਰੀਖਿਆ ਦੇਣ ਆਈ ਸੀ। ਮੌਕੇ ’ਤੇ ਹਾਜ਼ਰ ਸਟਾਫ ਨੇ ਉਸ ਨੂੰ ਪਹਿਲਾਂ ਕੜਾ ਅਤੇ ਕਿਰਪਾਨ ਉਤਾਰਨ ਵਾਸਤੇ ਕਿਹਾ ਅਤੇ ਜਦੋਂ ਵਿਦਿਆਰਥਣ ਨੇ ਨਾਂਹ ਕਰ ਦਿੱਤੀ ਤਾਂ ਕੜੇ ਅਤੇ ਕਿਰਪਾਨ ’ਤੇ ਟੇਪ ਲਾ ਦਿੱਤੀ ਗਈ ਪਰ ਇਸਦੇ ਬਾਵਜੂਦ ਪ੍ਰੀਖਿਆ ਕੇਂਦਰ ਵਿਚੋਂ ਕੱਢ ਦਿੱਤਾ ਗਿਆ।
ਸ਼੍ਰੀ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਲਗਾਤਾਰ ਸਿੱਖ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ’ਤੇ ਲੱਗੀ ਹੋਈ ਹੈ ਤੇ ਉਸ ਵੱਲੋਂ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਅਤੇ ਉਸ ਦੇ ਆਪਣੇ ਉਪ ਮੁੱਖ ਮੰਤਰੀ ਵੱਲੋਂ ਚਿੱਠੀ ਲਿਖਣ ਦੇ ਬਾਵਜੂਦ ਵੀ ਕੱਕਾਰ ਧਾਰਨ ਕਰਨ ਵਾਲੇ ਸਿੱਖ ਵਿਦਿਆਰਥੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਜਲਦੀ ਹੀ ਇਸ ਤਰ੍ਹਾਂ ਦੇ ਮਾਮਲੇ ਰੋਕਣ ਵਾਸਤੇ ਉਪਰਾਲਾ ਕਰਨ ਨਹੀਂ ਤਾਂ ਦਿੱਲੀ ਗੁਰਦੁਆਰਾ ਕਮੇਟੀ ਸਰਕਾਰ ਖਿਲਾਫ ਅਦਾਲਤ ਤੋਂ ਅਗਲੇਰੇ ਹੁਕਮ ਵੀ ਹਾਸਲ ਕਰੇਗੀ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਹਰਮੀਤ ਸਿੰਘ ਨਾਂ ਦੇ ਨੌਜਵਾਨ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਰੋਕਿਆ ਗਿਆ ਸੀ। ਉਪਰੰਤ ਦਿੱਲੀ ਗੁਰਦੁਆਰਾ ਕਮੇਟੀ ਨੇ ਹਾਈ ਕੋਰਟ ਵਿਚ ਸਰਕਾਰ ਖਿਲਾਫ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਤੇ ਅਦਾਲਤ ਨੇ ਫਿਰ ਹੁਕਮ ਦਿੱਤੇ ਕਿ ਸਿੱਖ ਵਿਦਿਆਰਥੀਆਂ ਨੂੰ ਕੱਕਾਰ ਪਹਿਨ ਕੇ ਪ੍ਰੀਖਿਆ ਵਿਚ ਬੈਠਣ ਦੀ ਆਗਿਆ ਹੈ ਪਰ ਕੇਜਰੀਵਾਲ ਸਰਕਾਰ ਹਾਲੇ ਵੀ ਹੁਕਮ ਨਹੀਂ ਮੰਨ ਰਹੀ।