ਕੇਦਾਰਨਾਥ ਮਾਰਗ 'ਤੇ ਭਾਰੀ Landslide, ਰੈਸਕਿਊ ਆਪ੍ਰੇਸ਼ਨ ਨਾਲ ਮੌਤ ਦੇ ਮੂੰਹ 'ਚੋਂ ਕੱਢੇ 10 ਹਜ਼ਾਰ ਸ਼ਰਧਾਲੂ
Wednesday, May 20, 2026 - 12:04 PM (IST)
ਦੇਹਰਾਦੂਨ- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਸਥਿਤ ਭਗਵਾਨ ਸ਼ਿਵ ਦੇ 11ਵੇਂ ਜਯੋਤੀਲਿੰਗ ਕੇਦਾਰਨਾਥ ਧਾਮ ਦੇ ਪੈਦਲ ਯਾਤਰਾ ਮਾਰਗ 'ਤੇ ਮੰਗਲਵਾਰ ਦੇਰ ਰਾਤ ਜ਼ਮੀਨ ਖਿਸਕਣ ਨਾਲ ਫਸੇ ਲਗਭਗ 10 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੂੰ ਰਾਜ ਆਫ਼ਤ ਪ੍ਰਤੀਕਿਰਿਆ ਫੋਰਸ (ਐੱਸਡੀਆਰਐੱਫ) ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਐੱਸਡੀਆਰਐੱਫ ਦੇ ਕਮਾਂਡੈਂਟ ਆਈਪੀਐੱਸ ਅਪਰਨ ਯਦੁਵੰਸ਼ੀ ਨੇ ਬੁੱਧਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੋਨਪ੍ਰਯਾਗ-ਗੌਰੀਕੁੰਡ ਦੇ ਮੱਧ ਮੁਨਕਟੀਆ ਖੇਤਰ 'ਚ ਅਚਾਨਕ ਜ਼ਮੀਨ ਖਿਸਕਣ ਕਾਰਨ ਮੁੱਖ ਮਾਰਗ ਪ੍ਰਭਾਵਿਤ ਹੋ ਗਿਆ। ਮਾਰਗ 'ਚ ਰੁਕਾਵਟ ਆਉਣ ਕਾਰਨ ਵੱਡੀ ਗਿਣਤੀ 'ਚ ਸ਼ਰਧਾਲੂ ਰਸਤੇ 'ਚ ਫਸ ਗਏ। ਰਾਤ ਦਾ ਸਮਾਂ, ਖ਼ਰਾਬ ਮੌਸਮ, ਪਹਾੜੀ ਖੇਤਰ 'ਚ ਲਗਾਤਾਰ ਡਿੱਗਦਾ ਮਲਬਾ ਅਤੇ ਯਾਤਰੀਆਂ ਦੀ ਭਾਰੀ ਭੀੜ ਕਾਰਨ ਸਥਿਤ ਬੇਹੱਦ ਚੁਣੌਤੀਪੂਰਨ ਬਣੀ ਹੋਈ ਸੀ।

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਜ਼ਿਲ੍ਹਾ ਕੰਟਰੋਲ ਕੇਂਦਰ ਰੁਦਰਪ੍ਰਯਾਗ ਵਲੋਂ ਰਾਤ 9.16 ਵਜੇ ਐੱਸਡੀਆਰਐੱਫ ਨੂੰ ਮਿਲੀ। ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਆਸ਼ੀਸ਼ ਡਿਮਰੀ ਦੀ ਅਗਵਾਈ 'ਚ ਸੋਨਪ੍ਰਯਾਗ ਟੀਮ ਜ਼ਰੂਰੀ ਰੈਸਕਿਊ ਉਪਕਰਣਾਂ ਨਾਲ ਹਾਦਸੇ ਵਾਲੀ ਜਗ੍ਹਾ ਪਹੁੰਚੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀ ਸੰਯੁਕਤ ਟੀਮ ਨੇ ਤੁਰੰਤ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤਾ ਗਿਆ। ਸ਼੍ਰੀ ਯਦੁਵੰਸ਼ੀ ਨੇ ਦੱਸਿਆ ਕਿ ਸੰਯੁਕਤ ਟੀਮਾਂ ਵਲੋਂ ਬੇਹੱਦ ਜ਼ੋਖਮ ਭਰੀ ਸਥਿਤੀ 'ਚ ਸਮਝਦਾਰੀ, ਸਬਰ ਅਤੇ ਸਾਹਸ ਦਾ ਪ੍ਰਦਰਸ਼ਨ ਦਿੰਦੇ ਹੋਏ ਸੜਕ ਦੇ ਦੂਜੇ ਪਾਸੇ ਫਸੇ ਲਗਭਗ 10.450 ਸ਼ਰਧਾਲੂਆਂ ਨੂੰ ਸੁਰੱਖਿਅਤ ਤਰੀਕੇ ਨਾਲ ਮਾਰਗ ਪਾਰ ਕਰਵਾਇਆ ਗਿਆ। ਲਗਾਤਾਰ ਮੀਂਹ ਅਤੇ ਹਨ੍ਹੇਰੇ ਵਿਚਾਲੇ ਸ਼ਰਧਾਲੂਆਂ ਦਾ ਹੌਂਸਲਾ ਵਧਾਉਂਦੇ ਹੋਏ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਬਚਾਅ ਕੰਮ ਪੂਰਾ ਹੋਣ ਮਗਰੋਂ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਸੜਕ 'ਤੇ ਮਲਬੇ ਨੂੰ ਹਟਾਉਣ ਦਾ ਕੰਮ ਕੀਤਾ ਗਿਆ, ਜਿਸ ਤੋਂ ਬਾਅਦ ਸੜਕ ਮਾਰਗ ਨੂੰ ਸਹੀ ਢੰਗ ਨਾਲ ਸੁਚਾਰੂ ਕਰ ਕੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਵਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
