ਕੂੜੇ ਦੀ ਡਿਸਪੋਜ਼ਲ ਨਾ ਕਰਨ ਵਾਲੇ 10 ਸਟੋਰ ਮਾਲਕਾਂ ਨੂੰ ਨੋਟਿਸ ਜਾਰੀ

Sunday, Jun 21, 2026 - 03:13 PM (IST)

ਕੂੜੇ ਦੀ ਡਿਸਪੋਜ਼ਲ ਨਾ ਕਰਨ ਵਾਲੇ 10 ਸਟੋਰ ਮਾਲਕਾਂ ਨੂੰ ਨੋਟਿਸ ਜਾਰੀ

ਤਰਨਤਾਰਨ (ਰਮਨ)- ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਮਕਸਦ ਨਾਲ ਨਗਰ ਕੌਂਸਲ ਤਰਨ ਤਾਰਨ ਵੱਲੋਂ ਸ਼ਹਿਰ ਦੇ ਵੱਖ-ਵੱਖ ਮਸ਼ਹੂਰ 10 ਕਾਰੋਬਾਰੀਆਂ, ਜਿਨ੍ਹਾਂ ਦਾ ਨੈੱਟਵਰਕ ਦੇਸ਼ ਭਰ ਵਿਚ ਬਣਿਆ ਹੋਇਆ ਹੈ, ਨੂੰ ਕੂੜੇ ਦੀ ਡਿਸਪੋਜ਼ਲ ਨੂੰ ਲੈ ਕੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ, ਜਿਸ ਦੇ ਨਾਲ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਪਣੇ ਪੱਧਰ ਉੱਪਰ ਇਨ੍ਹਾਂ ਸਟੋਰਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਨਗਰ ਕੌਂਸਲ ਵੱਲੋਂ ਲੋਕਾਂ ਨੂੰ ਜਿਥੇ ਕੂੜਾ ਸਹੀ ਢੰਗ ਨਾਲ ਡੰਪ ਵਿਚ ਸੁੱਟਣ ਦੀ ਅਪੀਲ ਕੀਤੀ ਜਾ ਰਹੀ ਹੈ, ਉਥੇ ਹੀ ਸ਼ਹਿਰ ਦੇ ਵੱਖ-ਵੱਖ ਫੂਡ ਬਿਜ਼ਨਸ ਆਪਰੇਟਰਾਂ ਅਤੇ ਇਸ ਤੋਂ ਇਲਾਵਾ ਹੋਰ ਵੱਡੇ ਸਟੋਰ, ਜਿਨ੍ਹਾਂ ਦੀਆਂ ਬ੍ਰਾਂਚਾਂ ਪੂਰੇ ਦੇਸ਼ ਵਿਚ ਫੈਲੀਆਂ ਹੋਈਆਂ ਹਨ, ਨੂੰ ਆਪਣੇ ਸਟੋਰਾਂ ਵਿਚ ਇਕੱਤਰ ਹੋਣ ਵਾਲੇ ਕੂੜਾ-ਕਰਕਟ ਨੂੰ ਡਿਸਪੋਜ਼ਲ ਕਰਨ ਲਈ ਸਖ਼ਤ ਨਿਯਮਾਂ ਦੀ ਪਾਲਣਾ ਸਹੀ ਢੰਗ ਨਾਲ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਸਥਾਨਕ ਸ਼ਹਿਰ ਵਿਚ ਮੌਜੂਦ ਵੱਡੇ-ਵੱਡੇ ਸਟੋਰ ਅਤੇ ਫੂਡ ਬਿਜ਼ਨਸ ਆਪ੍ਰੇਟਰ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ, ਜਿਸ ਕਾਰਨ ਸ਼ਹਿਰ ਵਿਚ ਗੰਦਗੀ ਫੈਲ ਰਹੀ ਹੈ ਅਤੇ ਗੁਰੂ ਨਗਰੀ ਦਾ ਸਫ਼ਾਈ ਸਬੰਧੀ ਮਾਹੌਲ ਖ਼ਰਾਬ ਹੋ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਦਾ ਅਲਰਟ, ਤੇਜ਼ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

ਇਸ ਸਬੰਧੀ ਸਬ-ਡਿਵੀਜ਼ਨ ਤਰਨਤਾਰਨ ਦੇ ਐੱਸ.ਡੀ.ਐੱਮ. ਡਾਕਟਰ ਕਰਨਵੀਰ ਸਿੰਘ ਵੱਲੋਂ ਸਖ਼ਤ ਨੋਟਿਸ ਲੈਂਦੇ ਹੋਏ ਨਗਰ ਕੌਂਸਲ ਤਰਨਤਾਰਨ ਨੂੰ ਸਖ਼ਤ ਕਾਰਵਾਈ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੀ ਇਨ-ਬਿਨ ਪਾਲਣਾ ਨਾ ਕਰਨ ਵਾਲੇ ਮਹਿੰਦਰਾ ਐਵੀਨਿਊ ਮਾਰਕੀਟ ਵਿਚ ਮੌਜੂਦ ਰਿਲਾਇੰਸ ਟ੍ਰੈਂਡਸ, ਏ.ਐੱਸ. ਫੂਡਜ਼, ਪੀ.ਬੀ. 46, ਕੈਨੇਡੀਅਨ ਪੀਜ਼ਾ ਤੋਂ ਇਲਾਵਾ ਸਪੋਰਟ ਕਿੰਗ, ਗਿਆਨ ਦਾ ਢਾਬਾ, ਫ੍ਰੈੱਸ਼ ਸਿਗਨੇਚਰ ਸਰਹਾਲੀ ਰੋਡ, ਹੈਲੋ ਫੂਡਜ਼, ਡੋਮੀਨੋਜ਼ ਪੀਜ਼ਾ ਅਤੇ ਡੈਜ਼ਰਟ ਹੱਬ ਅੰਮ੍ਰਿਤਸਰ ਰੋਡ ਤਰਨਤਾਰਨ ਦੇ ਮਾਲਕਾਂ ਨੂੰ ਨਗਰ ਕੌਂਸਲ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਗਏ ਹਨ, ਜਿਸ ਵਿਚ ਸਪੱਸ਼ਟ ਤੌਰ ’ਤੇ ਇਨ੍ਹਾਂ ਪਾਸੋਂ ਪੁੱਛਿਆ ਗਿਆ ਹੈ ਕਿ ਕੂੜੇ ਦੀ ਡਿਸਪੋਜ਼ਲ ਕਿਸ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਕਿੱਥੇ ਕੀਤੀ ਜਾ ਰਹੀ ਹੈ, ਉਸ ਦੀ ਜਾਣਕਾਰੀ ਦਿੱਤੀ ਜਾਵੇ।

ਇਹ ਵੀ ਪੜ੍ਹੋ- ਗਮੀ 'ਚ ਬਦਲੀ ਖੁਸ਼ੀ, ਜਨਮਦਿਨ ਤੋਂ ਇਕ ਦਿਨ ਪਹਿਲਾਂ ਮੌਤ, ਆਪਣੇ ਹੀ ਟਰੈਕਟਰ ਹੇਠ ਆਇਆ ਨੌਜਵਾਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ਡਾਕਟਰ ਕਰਨਵੀਰ ਸਿੰਘ ਨੇ ਦੱਸਿਆ ਕਿ ਗੁਰੂ ਨਗਰੀ ਨੂੰ ਸਾਫ਼-ਸੁਥਰਾ ਰੱਖਣ ਲਈ ਜਿਥੇ ਨਗਰ ਕੌਂਸਲ ਨੂੰ ਰੋਜ਼ਾਨਾ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਜਿਥੇ ਲੋਕਾਂ ਦਾ ਸਾਫ਼-ਸਫ਼ਾਈ ਰੱਖਣ ਦਾ ਮੁੱਢਲਾ ਫ਼ਰਜ਼ ਬਣਦਾ ਹੈ, ਉੱਥੇ ਹੀ ਕੰਮ-ਕਾਜ ਕਰਨ ਵਾਲੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਪਹਿਲ ਦੇ ਆਧਾਰ ਉੱਪਰ ਨਿਭਾਉਣ ਦੀ ਲੋੜ ਹੈ। ਐੱਸ.ਡੀ.ਐੱਮ. ਨੇ ਦੱਸਿਆ ਕਿ ਕਿਸੇ ਵੀ ਕੀਮਤ ਉੱਪਰ ਗੰਦਗੀ ਫੈਲਾਉਣ ਵਾਲੇ ਅਤੇ ਵਾਤਾਵਰਣ ਨੂੰ ਖ਼ਰਾਬ ਕਰਨ ਵਾਲੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿੰਨੀ ਵੀ ਪਹੁੰਚ ਵਾਲੇ ਕਿਉਂ ਨਾ ਹੋਣ।

ਇਹ ਵੀ ਪੜ੍ਹੋ-ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿ ਰਵਾਨਾ, 30 ਨੂੰ ਹੋਵੇਗੀ ਵਾਪਸੀ

ਓਧਰ ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੂਨੀਅਰ ਇੰਜੀਨੀਅਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਤਰਨ ਤਾਰਨ ਵੱਲੋਂ ਮਿਲੇ ਪੱਤਰ ਦੇ ਆਧਾਰ ਉੱਪਰ ਉਨ੍ਹਾਂ ਦੀ ਟੀਮ ਵੱਲੋਂ ਉਕਤ ਫੂਡ ਬਿਜ਼ਨਸ ਆਪ੍ਰੇਟਰ ਅਤੇ ਹੋਰ ਸਟੋਰਾਂ ਵਿਚ ਦਸਤਕ ਦਿੰਦੇ ਹੋਏ ਇੰਸਪੈਕਸ਼ਨ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਥੇ ਸਾਫ਼ ਤੌਰ ਵਿੱਚ ਪਾਇਆ ਗਿਆ ਹੈ ਕਿ ਕੂੜੇ ਦੀ ਡਿਸਪੋਜ਼ਲ ਇਨ੍ਹਾਂ ਵੱਲੋਂ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਹੈ। ਜੂਨੀਅਰ ਇੰਜੀਨੀਅਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਟੋਰਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ।

ਓਧਰ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਤਰਨ ਤਾਰਨ ਦੇ ਸੈਨਿਟਰੀ ਇੰਸਪੈਕਟਰ ਸੰਕਲਪ ਨੇ ਦੱਸਿਆ ਕਿ ਕਾਰਜਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਵੱਲੋਂ ਮਿਲੇ ਹੁਕਮਾਂ ਤਹਿਤ ਸ਼ਹਿਰ ਦੇ ਵੱਖ-ਵੱਖ ਫੂਡ ਬਿਜ਼ਨਸ ਆਪਰੇਟਰਾਂ ਤੋਂ ਇਲਾਵਾ ਹੋਰ ਸਟੋਰਾਂ ਦੇ ਮਾਲਕਾਂ ਨੂੰ ਕੂੜੇ ਦੀ ਡਿਸਪੋਜ਼ਲ ਸਬੰਧੀ ਨੋਟਿਸ ਜਾਰੀ ਕੀਤੇ ਗਏ ਸਨ, ਜਿਸ ਦੀ ਅਗਲੇਰੀ ਕਾਰਵਾਈ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਗਰ ਕੌਂਸਲ ਵੱਲੋਂ ਲਿਖਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News