ਜੈ ਬਾਬਾ ਕੇਦਾਰ ਦੇ ਜੈਕਾਰਿਆਂ ਨਾਲ ਸ਼੍ਰੀ ਕੇਦਾਰਨਾਥ ਧਾਮ ਦੇ ਕਿਵਾੜ ਹੋਏ ਬੰਦ

Sunday, Nov 03, 2024 - 10:20 AM (IST)

ਜੈ ਬਾਬਾ ਕੇਦਾਰ ਦੇ ਜੈਕਾਰਿਆਂ ਨਾਲ ਸ਼੍ਰੀ ਕੇਦਾਰਨਾਥ ਧਾਮ ਦੇ ਕਿਵਾੜ ਹੋਏ ਬੰਦ

ਨੈਸ਼ਨਲ ਡੈਸਕ (ਵਾਰਤਾ)- ਵਿਸ਼ਵ ਪ੍ਰਸਿੱਧ ਗਿਆਰ੍ਹਵੇਂ ਜਯੋਤਿਰਲਿੰਗ ਸ਼੍ਰੀ  ਕੇਦਾਰਨਾਥ ਧਾਮ ਦੇ ਕਿਵਾੜ ਐਤਵਾਰ ਨੂੰ ਭਈਆ ਦੂਜ ਦੇ ਪਵਿੱਤਰ ਤਿਉਹਾਰ ਮੌਕੇ ਐਤਵਾਰ ਨੂੰ ਸਵੇਰੇ 8:30 ਵਜੇ ਸਰਦੀਆਂ ਲਈ ਬੰਦ ਹੋ ਗਏ। ਓਮ ਨਮਹ ਸ਼ਿਵਾਏ, ਜੈ ਬਾਬਾ ਕੇਦਾਰ ਦੇ ਜੈਕਾਰਿਆਂ ਅਤੇ ਭਾਰਤੀ ਫ਼ੌਜ ਦੇ ਬੈਂਡ ਦੀਆਂ ਧੁੰਨਾਂ ਵਿਚਕਾਰ ਵੈਦਿਕ ਰੀਤੀ ਰਿਵਾਜਾਂ ਅਤੇ ਧਾਰਮਿਕ ਪਰੰਪਰਾਵਾਂ ਨਾਲ ਦਰਵਾਜ਼ੇ ਬੰਦ ਕਰ ਦਿੱਤੇ ਗਏ। ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀਕੇਟੀਸੀ) ਦੇ ਪ੍ਰਧਾਨ ਅਜੇਂਦਰ ਅਜੈ ਸਮੇਤ 15 ਹਜ਼ਾਰ ਤੋਂ ਵੱਧ ਸ਼ਰਧਾਲੂ ਕਿਵਾੜ ਬੰਦ ਹੋਣ ਦੇ ਗਵਾਹ ਬਣੇ। ਦੀਵਾਲੀ ਵਾਲੇ ਦਿਨ ਤੋਂ ਹੀ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਐਤਵਾਰ ਸਵੇਰੇ 5 ਵਜੇ ਸ਼੍ਰੀ ਅਜੈ ਦੀ ਮੌਜੂਦਗੀ 'ਚ ਦਰਵਾਜ਼ੇ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ। ਬੀਕੇਟੀਸੀ ਦੇ ਆਚਾਰੀਆ, ਵੇਦਪਾਠੀਆਂ ਅਤੇ ਪੁਜਾਰੀਆਂ ਨੇ ਭਗਵਾਨ ਕੇਦਾਰਨਾਥ ਦੇ ਸਵੈਂਭੂ ਸ਼ਿਵਲਿੰਗ ਦੀ ਸਮਾਧੀ ਪੂਜਾ ਕੀਤੀ। ਸਵੈਂਭੂ ਸ਼ਿਵਲਿੰਗ ਨੂੰ ਭਸਮ, ਸਥਾਨਕ ਫੁੱਲਾਂ, ਬੇਲ ਦੇ ਪੱਤਿਆਂ ਆਦਿ ਨਾਲ ਸਮਾਧੀ ਦਾ ਰੂਪ ਦਿੱਤਾ ਗਿਆ ਸੀ। ਸਵੇਰੇ 08:30 ਵਜੇ ਬਾਬਾ ਕੇਦਾਰ ਦੇ ਪੰਚਮੁਖੀ ਉਤਸਵ ਡੋਲੀ ਨੂੰ ਮੰਦਰ ਤੋਂ ਬਾਹਰ ਲਿਆਂਦਾ ਗਿਆ, ਜਿਸ ਤੋਂ ਬਾਅਦ ਸ਼੍ਰੀ ਕੇਦਾਰਨਾਥ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਗਏ।

ਕਿਵਾੜ ਬੰਦ ਹੋਣ ਨਾਲ ਬਾਬਾ ਕੇਦਾਰ ਦੀ ਪੰਚਮੁਖੀ ਉਤਸਵ ਡੋਲੀ ਆਪਣੇ ਪਹਿਲੇ ਪੜਾਅ ਰਾਮਪੁਰ ਲਈ ਰਵਾਨਾ ਹੋਈ। ਹਜ਼ਾਰਾਂ ਸ਼ਰਧਾਲੂ ਬਾਬੇ ਦੀ ਪੰਚਮੁਖੀ ਡੋਲੀ ਨਾਲ ਪੈਦਲ ਰਵਾਨਾ ਹੋਏ। ਸੰਗਤਾਂ ਲਈ ਵੱਖ-ਵੱਖ ਥਾਵਾਂ 'ਤੇ ਭੰਡਾਰੇ ਲਗਾਏ ਗਏ। ਕੇਦਾਰਨਾਥ 'ਚ ਅੱਜ ਮੌਸਮ ਸਾਫ਼ ਰਿਹਾ। ਆਸਪਾਸ ਬਰਫ਼ਬਾਰੀ ਹੋਣ ਕਾਰਨ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ ਪਰ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਿਵਾੜ ਬੰਦ ਕਰਨ ਮੌਕੇ 'ਤੇ, ਸ਼੍ਰੀ ਅਜੈ ਨੇ ਕਿਹਾ ਕਿ ਇਸ ਸਮੇਂ ਦੌਰਾਨ, ਰਿਕਾਰਡ 16.5 ਲੱਖ ਤੋਂ ਵੱਧ ਸ਼ਰਧਾਲੂ ਸ਼੍ਰੀ ਕੇਦਾਰਨਾਥ ਧਾਮ ਪਹੁੰਚੇ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਹੇਠ ਕੇਦਾਰਨਾਥ ਧਾਮ ਯਾਤਰਾ ਸਫਲਤਾਪੂਰਵਕ ਸੰਪੰਨ ਹੋਈ। ਉਨ੍ਹਾਂ ਨੇ ਯਾਤਰਾ ਦੇ ਸਫਲ ਆਯੋਜਨ ਲਈ ਬੀਕੇਟੀਸੀ ਕਰਮਚਾਰੀਆਂ, ਪੁਲਸ ਪ੍ਰਸ਼ਾਸਨ, ਯਾਤਰਾ ਪ੍ਰਬੰਧਾਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ), ਇੰਡੋ-ਤਿੱਬਤੀ ਬਾਰਡਰ ਪੁਲਸ (ਆਈਟੀਬੀਪੀ) ਆਦਿ ਦਾ ਧੰਨਵਾਦ ਕੀਤਾ। ਵਰਨਣਯੋਗ ਹੈ ਕਿ ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ ਇਸ ਸਾਲ 17 ਨਵੰਬਰ ਨੂੰ ਬੰਦ ਹੋ ਰਹੇ ਹਨ। ਸ਼੍ਰੀ ਗੰਗੋਤਰੀ ਧਾਮ ਦੇ ਕਿਵਾੜ ਬੀਤੇ ਸ਼ਨੀਵਾਰ ਯਾਨੀ 02 ਨਵੰਬਰ ਨੂੰ ਬੰਦ ਹੋ ਗਏ। ਉੱਥੇ ਹੀ ਪਵਿੱਤਰ ਗੁਰਦੁਆਰਾ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ ਦੇ ਦਰਵਾਜ਼ੇ ਬੀਤੀ 10 ਅਕਤੂਬਰ ਨੂੰ ਬੰਦ ਹੋ ਗਏ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News