ਕਠੂਆ ਜਬਰ ਜ਼ਨਾਹ : ''ਸਾਡੀ ਬੱਚੀ ਹੁਣ ਸਕੂਨ ਨਾਲ ਸੌਂਦੀ ਹੈ, ਕਬਰ ਦੇ ਡਿੱਗਦੇ ਨੇ ਫੁੱਲ''

06/13/2019 1:43:19 PM

ਜੰਮੂ (ਹੀਰਾਨਗਰ)— ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ਦੇ ਰਸਾਨਾ ਪਿੰਡ 'ਚ ਜਨਵਰੀ 2018 ਨੂੰ 8 ਸਾਲਾ ਬੱਚੀ ਨਾਲ ਸਮੂਹਕ ਬਲਾਤਕਾਰ ਮਗਰੋਂ ਹੱਤਿਆ ਕਰ ਦਿੱਤੀ ਗਈ। ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਬੱਚੀ ਨਾਲ ਹੋਈ ਦਰਿੰਦਗੀ ਅਤੇ ਬੇਰਹਿਮੀ ਨਾਲ ਹੱਤਿਆ ਮਗਰੋਂ ਰਸਾਨਾ ਪਿੰਡ ਦੇ ਕਈ ਲੋਕਾਂ ਨੇ ਉਸ ਨੂੰ ਪਿੰਡ 'ਚ ਹੀ ਦਫਨਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬੱਚੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਬੱਚੀ ਨੂੰ ਆਪਣੇ ਜੱਦੀ ਜ਼ਮੀਨ 'ਚ ਦਫਨਾਇਆ । ਪਰਿਵਾਰ ਨੇ ਲਗਾਤਾਰ ਦਬਾਅ ਅਤੇ ਧਮਕੀਆਂ ਮਿਲਣ ਮਗਰੋਂ ਪਿਛਲੇ ਸਾਲ ਹੀ ਪਿੰਡ ਰਸਾਨਾ ਛੱਡ ਦਿੱਤਾ ਸੀ। ਹੀਰਾਨਗਰ ਦੇ ਬੰਦੀ ਕੰਨਾਹ ਪਿੰਡ 'ਚ ਬੱਚੀ ਦੀ ਕਬਰ ਦੀ ਰਖਵਾਲੀ ਕਰਨ ਵਾਲੇ ਪਰਿਵਾਰ ਦਾ ਕਹਿਣਾ ਹੈ ਕਿ ਪਹਾੜੀ ਦੇ ਉੱਪਰ ਬੇਰ ਅਤੇ ਖੈਰ ਦੇ ਦਰੱਖਤਾਂ ਵਿਚਾਲੇ ਇਕ ਬੂਟਾ ਹੈ, ਜਿਸ 'ਚ ਸਫੈਦ ਰੰਗ ਦੇ ਫੁੱਲ ਖਿੜਦੇ ਹਨ। ਇਹ ਫੁੱਲ ਟੁੱਟ ਕੇ ਹੇਠਾਂ ਕਬਰ 'ਤੇ ਡਿੱਗਦੇ ਹਨ। ਸਫੈਦ ਫੁੱਲਾਂ ਨੂੰ ਦੇਖ ਕੇ ਲੱਗਦਾ ਹੈ ਕਿ ਬੱਚੀ ਦੀ ਰੂਹ ਕੋਰਟ ਦੇ ਫੈਸਲੇ ਤੋਂ ਬਾਅਦ ਖੁਸ਼ ਹੈ।

ਦੱਸਣਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਪਠਾਨਕੋਰਟ ਕੋਰਟ ਨੇ ਫੈਸਲਾ ਸੁਣਾਇਆ। ਫੈਸਲੇ 'ਚ 7 ਦੋਸ਼ੀਆਂ 'ਚੋਂ 6 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਾਮਲੇ ਦੇ ਮੁੱਖ ਸਾਜਿਸ਼ਕਰਤਾ ਸਾਂਜੀ ਰਾਮ, ਪਰਵੇਸ਼ ਕੁਮਾਰ ਅਤੇ ਦੀਪਕ ਖਜੁਰੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉੱਥੇ ਹੀ ਸੁਰਿੰਦਰ ਸ਼ਰਮਾ, ਤਿਲਕ ਰਾਜ ਅਤੇ ਆਨੰਦ ਦੱਤਾ ਨੂੰ 5-5 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਇਹ ਤਿੰਨੋਂ ਬਰਖਾਸਤ ਪੁਲਸ ਕਰਮੀ ਸਨ।

ਓਧਰ ਬੱਚੀ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਸਾਡੀ ਨੰਨ੍ਹੀ ਬੱਚੀ ਇਕ ਕਲੀ ਵਾਂਗ ਸੀ, ਜਿਸ ਨੂੰ ਹੈਵਾਨਾਂ ਨੇ ਬੇਰਹਿਮੀ ਨਾਲ ਮਾਰ ਦਿੱਤਾ। ਅਸੀਂ ਉਸ ਦੀ ਕਬਰ 'ਤੇ ਰੋਜ਼ ਆਉਂਦੇ ਹਾਂ। ਅਜਿਹਾ ਇਕ ਵੀ ਦਿਨ ਨਹੀਂ ਹੁੰਦਾ, ਜਦੋਂ ਅਸੀਂ ਕਬਰ 'ਤੇ ਜਾ ਕੇ ਉਸ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਨਾ ਕਰੀਏ। ਸਾਡੇ ਤੋਂ ਇਲਾਵਾ ਲੋਕ ਇੱਥੇ ਨਹੀਂ ਆਉਂਦੇ। ਇਸ ਕਬਰ 'ਤੇ ਲਿਖਿਆ ਹੈ- ਤਰੀਕ-ਏ-ਸ਼ਹਾਦਤ 17 ਜਨਵਰੀ 2018। ਮਾਤਾ-ਪਿਤਾ ਨੇ ਕਿਹਾ ਕਿ ਇਸ ਕਬਰ 'ਚ ਉਨ੍ਹਾਂ ਦੀ ਬੇਟੀ ਸ਼ਾਇਦ ਹੁਣ ਸਕੂਨ ਨਾਲ ਸੁੱਤੀ ਹੈ।


Tanu

Content Editor

Related News