ਕਠੁਆ ਰੇਪ-ਹੱਤਿਆ ਮਾਮਲੇ ਦੀ ਜਾਂਚ ਕਰ ਕੇ ਪੁਲਸ ਅਧਿਕਾਰੀ ਦਾ ਤਬਾਦਲਾ

07/10/2019 2:25:07 PM

ਕਠੁਆ— ਜੰਮੂ-ਕਸ਼ਮੀਰ ਦੇ ਕਠੁਆ 'ਚ ਬੀਤੇ ਸਾਲ ਜਨਵਰੀ ਮਹੀਨੇ ਇਕ 8 ਸਾਲ ਦੀ ਬੱਚੀ ਦੀ ਰੇਪ ਮਗਰੋਂ ਹੱਤਿਆ ਕਰ ਦਿੱਤੀ ਗਈ ਸੀ। ਇਸ ਕੇਸ ਦੇ 7 ਦੋਸ਼ੀਆਂ 'ਚੋਂ 6 ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਬੀਤੀ 10 ਜੂਨ 2019 ਨੂੰ ਇਸ ਕੇਸ ਨੂੰ ਲੈ ਕੇ ਵਿਸ਼ੇਸ਼ ਅਦਾਲਤ ਨੇ ਫੈਸਲਾ ਸੁਣਾਇਆ ਸੀ। ਇਸ ਕੇਸ ਦੀ ਜਾਂਚ ਕਰ ਰਹੇ ਅਪਰਾਧ ਸ਼ਾਖਾ ਦੇ ਪੁਲਸ ਜਨਰਲ ਡਾਇਰੈਕਟਰ (ਆਈ. ਜੀ. ਪੀ.) ਸੈਯਦ ਅਫਦੁੱਲ ਮੁਜਤਬਾ ਨੂੰ ਪ੍ਰਸ਼ਾਸਨ ਵਲੋਂ ਇਕ ਮਹੱਤਵਪੂਰਨ ਅਹੁਦੇ 'ਤੇ ਟਰਾਂਸਫਰ ਕਰ ਦਿੱਤਾ ਗਿਆ ਹੈ। ਸਰਕਾਰ ਦੇ ਆਦੇਸ਼ ਮੁਤਾਬਕ ਆਈ. ਜੀ. ਪੀ. ਮੁਜਤਬਾ ਨੂੰ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਦੇ ਰੂਪ 'ਚ ਟਰਾਂਸਫਰ ਕੀਤਾ ਗਿਆ ਹੈ। ਸੂਬਾ ਗ੍ਰਹਿ ਵਿਭਾਗ, ਜੰਮੂ-ਕਸ਼ਮੀਰ 'ਚ ਸਾਰੇ ਸੁਰੱਖਿਆ ਵਿੰਗ ਦਾ ਸੰਚਾਲਨ ਕਰਦਾ ਹੈ, ਜੋ ਕਿ ਸਿੱਧੇ ਗਵਰਨਰ ਸੱਤਿਆਪਾਲ ਮਲਿਕ ਦੇ ਅਧੀਨ ਆਉਂਦਾ ਹੈ।

ਦਰਅਸਲ ਮੁਜਤਬਾ ਅਤੇ ਅਧਿਕਾਰੀਆਂ ਦੀ ਟੀਮ ਨੇ ਪਿਛਲੇ ਸਾਲ ਜਨਵਰੀ 'ਚ ਕਠੁਆ ਵਿਚ 8 ਸਾਲ ਦੀ ਬੱਚੀ ਨਾਲ ਰੇਪ ਅਤੇ ਹੱਤਿਆ ਦੇ ਮਾਮਲੇ ਦੀ ਜਾਂਚ ਕੀਤੀ ਸੀ। ਤਕਰੀਬਨ 13 ਮਹੀਨੇ ਚਲੀ ਲੰਬੀ ਜਾਂਚ ਮਗਰੋਂ  ਕੇਸ ਸੁਲਝ ਸਕਿਆ। ਅਪਰਾਧ ਸ਼ਾਖਾ ਦੀ ਜਾਂਚ ਦੇ ਨਤੀਜੇ ਵਜੋਂ ਇਸ ਮਾਮਲੇ 'ਚ 7 ਦੋਸ਼ੀਆਂ 'ਚੋਂ 6 ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਕੇਸ 'ਚ ਸ਼ਾਮਲ 4 ਪੁਲਸ ਕਰਮਚਾਰੀ ਵੀ ਸਨ, ਜਿਨ੍ਹਾਂ ਨੂੰ ਬਾਅਦ 'ਚ ਸਸਪੈਂਡ ਕਰ ਦਿੱਤਾ ਗਿਆ। ਕੋਰਟ ਨੇ 3 ਦੋਸ਼ੀਆਂ ਨੂੰ ਉਮਰ ਕੈਦ ਅਤੇ 3 ਨੂੰ 5-5 ਸਾਲ ਦੀ ਸਜ਼ਾ ਸੁਣਾਈ ਸੀ, ਜਦਕਿ ਸਬੂਤਾਂ ਦੀ ਘਾਟ ਕਰ ਕੇ ਇਕ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ।

ਮੁਜਤਬਾ 1984 'ਚ ਜੰਮੂ-ਕਸ਼ਮੀਰ ਪੁਲਸ ਵਿਚ ਸ਼ਾਮਲ ਹੋਏ। ਉਨ੍ਹਾਂ ਨੇ 2008 'ਚ ਸ਼ੋਪੀਆਂ ਮਾਮਲੇ ਵਰਗੇ ਚੁਣੌਤੀਪੂਰਨ ਸਮੇਂ ਦੌਰਾਨ ਰਾਜਧਾਨੀ ਸ਼੍ਰੀਨਗਰ ਵਿਚ ਉੱਚ ਅਧਿਕਾਰੀ ਦੇ ਰੂਪ ਵਿਚ ਸੂਬੇ ਦੀ ਸੇਵਾ ਕੀਤੀ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਕਠੁਆ ਮਾਮਲਾ ਸਬੂਤਾਂ ਦੀ ਘਾਟ, ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਾਰਨ ਮੁਸ਼ਕਲ ਕੇਸ ਬਣ ਗਿਆ। ਉਨ੍ਹਾਂ ਨੇ 7ਵੇਂ ਦੋਸ਼ੀ ਵਿਰੁੱਧ ਅਪੀਲ ਦਾਇਰ ਕਰਨ ਅਤੇ ਸਜ਼ਾ ਪ੍ਰਾਪਤ 6 ਦੋਸ਼ੀਆਂ ਦੀ ਸਜ਼ਾ ਵਧਾਉਣ ਦੀ ਅਪੀਲ ਕੀਤੀ ਸੀ।


Tanu

Content Editor

Related News