ਸਰਕਾਰੀ ਕਰਮਚਾਰੀ ਰਾਹੁਲ ਭੱਟ ਦੇ ਕਤਲ ਦੇ 9 ਮਹੀਨੇ ਬਾਅਦ ਕੰਮ ''ਤੇ ਪਰਤੇ ਕਸ਼ਮੀਰੀ ਪੰਡਿਤ
Tuesday, Mar 07, 2023 - 01:20 PM (IST)
ਜੰਮੂ- ਕਸ਼ਮੀਰੀ ਪੰਡਿਤ ਕਰਮਚਾਰੀ ਕਰੀਬ 9 ਮਹੀਨਿਆਂ ਬਾਅਦ ਕਸ਼ਮੀਰ ਘਾਟੀ ਪਰਤ ਗਏ ਹਨ। ਪ੍ਰਧਾਨ ਮੰਤਰੀ ਪੈਕੇਜ ਦੇ ਅਧੀਨ ਨਿਯੁਕਤ 4 ਹਜ਼ਾਰ ਤੋਂ ਵੱਧ ਕਰਮਚਾਰੀਆਂ ਨੇ ਸੋਮਵਾਰ ਤੋਂ ਪੂਰੀ ਤਰ੍ਹਾਂ ਨਾਲ ਕੰਮਕਾਜ ਸੰਭਾਲ ਲਿਆ। ਬੀਤੇ ਸਾਲ ਮਈ 'ਚ ਅੱਤਵਾਦੀਆਂ ਨੇ ਚਾਡੂਰਾ ਤਹਿਸੀਲ ਦਫ਼ਤਰ 'ਚ ਵੜ ਕੇ ਸਰਕਾਰੀ ਕਰਮਚਾਰੀ ਰਾਹੁਲ ਭੱਟ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਗੁੱਸੇ 'ਚ ਸਾਰੇ ਪੰਡਿਤ ਕਰਮਚਾਰੀ ਪਰਿਵਾਰ ਨਾਲ ਜੰਮੂ ਪਰਤ ਆਏ ਸਨ। ਨਾਲ ਹੀ ਉਹ ਰਾਹਤ ਅਤੇ ਮੁੜ ਵਸੇਬੇ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਸਨ। ਉਨ੍ਹਾਂ ਦੀ ਮੰਗ ਸੀ ਕਿ ਸੁਰੱਖਿਆ ਦੀ ਸਥਿਤੀ ਆਮ ਹੋਣ ਤੱਕ ਕਰਮਚਾਰੀਆਂ ਦੀ ਜੰਮੂ 'ਚ ਤਾਇਨਾਤੀ ਕੀਤੀ ਜਾਵੇ।
ਸੂਤਰਾਂ ਅਨੁਸਾਰ ਸਰਕਾਰ ਵਲੋਂ ਜਿਹੜੇ ਅੱਧਾ ਦਰਜਨ ਤੋਂ ਵੱਧ ਕਰਮਾਚਰੀਆਂ ਨੂੰ ਮੁਅੱਤਲ ਅਤੇ ਬਰਖ਼ਾਸਤਗੀ ਦਾ ਨੋਟਿਸ ਜਾਰੀ ਕੀਤਾ ਸੀ, ਉਨ੍ਹਾਂ ਨੇ ਵੀ ਸੋਮਵਾਰ ਨੂੰ ਸ਼੍ਰੀਨਗਰ 'ਚ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਕੰਮਕਾਜ ਸੰਭਾਲ ਲਿਆ। ਡਿਵੀਜ਼ਨਲ ਕਮਿਸ਼ਨਰ ਨੇ ਸਾਰਿਆਂ ਨੂੰ ਸੁਰੱਖਿਅਤ ਮਾਹੌਲ ਉਪਲੱਬਧ ਕਰਵਾਉਣ ਦਾ ਭਰੋਸਾ ਦਿੱਤਾ। ਬਾਰਾਮੂਲਾ, ਕੁਪਵਾੜਾ, ਗਾਂਦਰਬਲ, ਸ਼ੇਖਪੋਰਾ, ਵੇਸੁ, ਹਾਲ ਕੈਂਪ 'ਚ ਰਹਿਣ ਵਾਲੇ ਸਾਰੇ ਕਰਮਚਾਰੀਆਂ ਨੇ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਕੈਂਪ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।