ਕਸ਼ਮੀਰ ’ਚ ਵੱਡੇ ਹਮਲੇ ਦੀ ਸਾਜ਼ਿਸ਼ ਨਾਕਾਮ, ਅੱਤਵਾਦੀਆਂ ਦੇ 7 ਸਹਿਯੋਗੀ ਗ੍ਰਿਫ਼ਤਾਰ

03/11/2021 9:57:26 AM

ਸ੍ਰੀਨਗਰ (ਅਰੀਜ਼)- ਆਵੰਤੀਪੋਰਾ ਪੁਲਸ ਨੇ ਸੁਰੱਖਿਆ ਫ਼ੋਰਸਾਂ ਨਾਲ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਮਾਡਿਊਲਾਂ ਦਾ ਭਾਂਡਾ ਭੰਨ ਕੇ ਅੱਤਵਾਦੀਆਂ ਦੇ 7 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਆਵੰਤੀਪੋਰਾ ਪੁਲਸ ਨੂੰ ਸੂਚਨਾ ਮਿਲੀ ਕਿ ਜੇ. ਈ. ਐੱਮ. ਦੇ ਅੱਤਵਾਦੀ ਪੰਪੋਰ-ਖਿਰਵ ਇਲਾਕੇ ਵਿਚ ਵਾਹਨ ਰਾਹੀਂ ਆਈ. ਈ. ਡੀ. ਹਮਲੇ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਸ ਨੇ ਫ਼ੌਜ ਦੇ 50 ਰਾਸ਼ਟਰੀ ਰਾਈਫ਼ਲਜ਼ (ਆਰ. ਆਰ.) ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ. ਆਰ. ਪੀ. ਐੱਫ.) ਨਾਲ ਪੰਪੋਰ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਇਕ ਵਿਅਕਤੀ ਸਾਹਿਲ ਨਜ਼ੀਰ ਪੁੱਤਰ ਨਜ਼ੀਰ ਅਹਿਮਦ ਮੀਰ ਵਾਸੀ ਦੰਗਰਬਲ ਪੰਪੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਅਲ ਬਦਰ ਚੀਫ ਅੱਤਵਾਦੀ ਗਨੀ ਖਵਾਜ਼ਾ ਢੇਰ

ਪੁੱਛਗਿੱਛ ਦੌਰਾਨ ਸਾਹਿਲ ਨਜ਼ੀਰ ਨੇ ਦੱਸਿਆ ਕਿ ਉਹ ਪਾਕਿ-ਸ਼ਾਸਿਤ ਕਸ਼ਮੀਰ ਦੇ ਅੱਤਵਾਦੀ ਕਮਾਂਡਰ ਖਾਲਿਦ ਬਿਨ ਵਲੀਦ ਦੇ ਸੰਪਰਕ ਵਿਚ ਸੀ, ਜਿਸ ਨੇ ਉਸ ਨੂੰ ਪੰਪੋਰ ਇਲਾਕੇ ਵਿਚ ਅੱਤਵਾਦੀ ਹਮਲੇ ਕਰਨ ਲਈ ਕਿਹਾ ਸੀ। ਵਲੀਦ ਨੇ ਵਾਹਨ ਖਰੀਦਣ ਲਈ ਸਾਹਿਲ ਨੂੰ 70 ਹਜ਼ਾਰ ਰੁਪਏ ਭੇਜੇ ਸਨ। ਸਾਹਿਲ ਨੇ ਆਪਣੇ ਦੂਜੇ ਸਾਥੀ ਕੈਸਰ ਅਹਿਮਦ ਭੱਟ ਪੁੱਤਰ ਫਾਰੂਕ ਅਹਿਮਦ ਭੱਟ ਵਾਸੀ ਦੰਗਰਬਲ ਪੰਪੋਰ ਨੂੰ ਸੈਕੰਡ ਹੈਂਡ ਵਾਹਨ ਖਰੀਦਣ ਦਾ ਕੰਮ ਸੌਂਪਿਆ। ਇਸ ਤੋਂ ਬਾਅਦ ਮਾਰੂਤੀ 800 ਸ੍ਰੀਨਗਰ ਤੋਂ ਖਰੀਦੀ ਗਈ। ਕੈਸਰ ਦੇ ਰਿਸ਼ਤੇਦਾਰ ਦੇ ਘਰ ਵਿਚ ਇਹ ਕਾਰ ਸੁਰੱਖਿਅਤ ਥਾਂ ’ਤੇ ਲੁਕੋ ਰੱਖੀ ਗਈ ਸੀ। ਧਮਾਕਾਖੇਜ਼ ਸਮੱਗਰੀ ਨਾਲ ਸਾਹਿਲ ਦੇ 3 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦਿੱਲੀ ਹਾਈ ਕੋਰਟ ਨੇ ਮਹਿਬੂਬਾ ਮੁਫਤੀ ਨੂੰ ED ਦੇ ਭੇਜੇ ਨੋਟਿਸ ’ਤੇ ਲਗਾਈ ਰੋਕ

ਵਰਣਨਯੋਗ ਹੈ ਕਿ 25 ਜਨਵਰੀ 2021 ਨੂੰ ਸਾਹਿਲ ਨਜ਼ੀਰ ਤੇ ਕੈਸਰ ਅਹਿਮਦ ਭੱਟ ਨੇ ਪੰਪੋਰ ਵਿਚ ਸੀ. ਆਰ. ਪੀ. ਐੱਫ. ’ਤੇ ਗ੍ਰੇਨੇਡ ਸੁੱਟਿਆ ਸੀ। ਹਾਲਾਂਕਿ ਇਸ ਦੌਰਾਨ ਧਮਾਕਾ ਨਹੀਂ ਹੋਇਆ ਸੀ। ਗ੍ਰਿਫਤਾਰ ਸਹਿਯੋਗੀਆਂ ਤੋਂ 8 ਇਲੈਕਟ੍ਰਾਨਿਕ ਡੈਟੋਨੇਟਰ ਤੇ ਇਕ ਚੀਨੀ ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਮਾਰੂਤੀ 800 ਜ਼ਬਤ ਕੀਤੀ ਗਈ ਹੈ। ਮਾਮਲੇ ਵਿਚ ਪੁਲਸ ਥਾਣਾ ਪੰਪੋਰ ਵਿਚ ਐੱਫ. ਆਈ. ਆਰ. ਨੰ. 27/2021 ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਲਸ਼ਕਰ ਦੇ ਸਹਿਯੋਗੀ ਮੁਸੈਬ ਅਜੀਜ਼ ਗੋਜਰੀ ਪੁੱਤਰ ਅਬਦੁੱਲ ਅਜੀਜ਼ ਗੋਜਰੀ ਵਾਸੀ ਨਮਲਾਬਲ ਪੰਪੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਮੁਸੈਬ ਨੇ ਮੰਨਿਆ ਕਿ ਉਹ ਪੰਪੋਰ ਦੇ ਲਸ਼ਕਰ ਕਮਾਂਡਰ ਉਮਰ ਖਾਂਡੇ ਨਾਲ ਲਗਾਤਾਰ ਸੰਪਰਕ ਵਿਚ ਸੀ ਅਤੇ ਉਮਰ ਨੇ ਉਸ ਨੂੰ 25 ਕਿਲੋ ਧਮਾਕਾਖੇਜ਼ ਸਮੱਗਰੀ ਦਿੱਤੀ ਸੀ।


DIsha

Content Editor

Related News