ਏਅਰਸੈੱਲ-ਮੈਕਸਿਸ ਮਾਮਲਾ: ਕਾਰਤੀ ਨੂੰ ਕੋਰਟ ਤੋਂ ਫਿਰ ਮਿਲੀ ਰਾਹਤ
Monday, Apr 16, 2018 - 01:10 PM (IST)

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਏਅਰਸੈੱਲ-ਮੈਕਸਿਸ ਮਾਮਲੇ 'ਚ ਦਰਜ 2 ਵੱਖ-ਵੱਕ ਮਾਮਲਿਆਂ 'ਚ ਕਾਰਤੀ ਚਿਦਾਂਬਰਮ ਦੀ ਗ੍ਰਿਫਤਾਰੀ ਤੋਂ ਅੰਤਰਿਮ ਸੁਰੱਖਿਆ ਦੀ ਮਿਆਦ 2 ਮਈ ਤੱਕ ਲਈ ਵਧਾ ਦਿੱਤੀ ਗਈ ਹੈ। ਇਹ ਦੋਵੇਂ ਮਾਮਲੇ 2ਜੀ ਸਪੈਕਟਰਮ ਨਾਲ ਜੁੜੇ ਹਨ। ਕਾਰਤੀ ਦੀ ਮੋਹਰੀ ਜ਼ਮਾਨਤ ਦੀ ਪਟੀਸ਼ਨ 'ਤੇ ਬਹਿਸ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਵਕੀਲ ਨੇ ਕੁਝ ਸਮਾਂ ਮੰਗਿਆ ਸੀ, ਜਿਸ ਤੋਂ ਬਾਅਦ ਵਿਸ਼ੇਸ਼ ਜੱਜ ਓ.ਪੀ. ਸੈਨੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਨੂੰ ਰਾਹਤ ਦਿੱਤੀ। ਸੀ.ਬੀ.ਆਈ. ਦੇ ਵਕੀਲ ਨੇ ਇਸ ਦਾ ਸਮਰਥਨ ਕੀਤਾ ਅਤੇ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਕ ਦੇਣ ਦੀ ਅਪੀਲ ਕੀਤੀ।
Interim protection to #KartiChidambaram in #AircelMaxiscase extended till the next date of hearing on May 2 by Delhi Court. (file pic) pic.twitter.com/xhio0oPSSL
— ANI (@ANI) April 16, 2018
ਕਾਰਤੀ ਦੀ ਮੋਹਰੀ ਜ਼ਮਾਨਤ ਦੀ ਪਟੀਸ਼ਨ 'ਤੇ ਜਵਾਬ ਦਾਖਲ ਕਰਨ ਲਈ ਦੋਵੇਂ ਜਾਂਚ ਏਜੰਸੀਆਂ ਨੇ ਸਮਾਂ ਮੰਗਿਆ ਸੀ, ਜਿਸ ਦੇ ਮੱਦੇਨਜ਼ਰ ਅਦਾਲਤ ਨੇ 24 ਮਾਰਚ ਨੂੰ ਕਾਰਤੀ ਨੂੰ ਅੱਜ ਤੱਕ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। ਕਾਰਤੀ ਨੇ ਏਅਰਸੈੱਲ-ਮੈਕਸਿਸ ਮਾਮਲੇ 'ਚ ਗ੍ਰਿਫਤਾਰੀ ਤੋਂ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਖਲ ਕੀਤੀ ਸੀ। ਇਸ ਮਾਮਲੇ 'ਚ ਸੀ.ਬੀ.ਆਈ. ਨੇ 2011 'ਚ ਅਤੇ ਈ.ਡੀ. ਨੇ 2012 'ਚ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਗਲੋਬਲ ਕਮਿਊਨੀਕੇਸ਼ਨ ਹੋਲਡਿੰਗ ਸਰਵਿਸੈੱਸ ਲਿਮਟਿਡ ਨੂੰ ਏਅਰਸੈੱਲ 'ਚ ਨਿਵੇਸ਼ ਲਈ ਵਿਦੇਸ਼ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ਦੇਣ ਨਾਲ ਜੁੜਿਆ ਹੈ। ਸਤੰਬਰ 2015 'ਚ ਸੀ.ਬੀ.ਆਈ. ਨੇ ਇਸ ਮਾਮਲੇ ਦੀ ਜਾਂਚ ਦੇ ਸੰਬੰਧ 'ਚ ਸਥਿਤੀ ਰਿਪੋਰਟ ਪੇਸ਼ ਕੀਤੀ ਸੀ।