ਗੁਰਪੁਰਬ ਮੌਕੇ ਵੀ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਆਸਾਰ ਨਹੀਂ, ਅਟਾਰੀ-ਵਾਹਘਾ ਸਰਹੱਦ ਰਾਹੀਂ ਪਾਕਿ ਜਾਣਗੇ ਸ਼ਰਧਾਲੂ

Friday, Nov 12, 2021 - 11:15 AM (IST)

ਨਵੀਂ ਦਿੱਲੀ- ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਭਾਰਤ ਦਾ ਵੱਡਾ ਬਿਆਨ ਆਇਆ ਹੈ। ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਹਾਲੇ ਇਹ ਨਹੀਂ ਖੋਲ੍ਹਿਆ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੀਆਂ ਕਈ ਸਿਆਸੀ ਧਿਰਾਂ ਦੇ ਨੇਤਾਵਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ ਨੂੰ ਮੰਗ ਕੀਤੀ ਗਈ ਹੈ। ਇਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਵੀ ਵਿਸ਼ੇਸ਼ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਦਾਅਵਾ, ਕਿਸਾਨ ਵਿਰੋਧੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਸਾਬਿਤ ਹੋਵੇਗੀ ਲਖਨਊ ਮਹਾਪੰਚਾਇਤ

ਵੀਰਵਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਸਵਾਲ 'ਤੇ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਆਇਆ ਹੈ। ਦੱਸ ਦੇਈਏ ਕਿ ਕਰਤਾਰਪੁਰ ਲਾਂਘਾ ਮਾਰਚ 2020 ਤੋਂ ਕੋਰੋਨਾ ਖ਼ਤਰੇ ਦੇ ਮੱਦੇਨਜ਼ਰ ਬੰਦ ਹੈ। ਇਸਤੋਂ ਇਲਾਵਾ ਪਾਕਿਸਤਾਨ ਨੇ ਵੀ ਭਾਰਤ ਨੂੰ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣ ਅਤੇ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਜਸ਼ਨਾਂ ਲਈ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਸੀ। ਭਾਰਤ-ਪਾਕਿਸਤਾਨ ਦੋਹਾਂ ਦੇਸ਼ਾਂ ਵਿਚਾਲੇ ਜ਼ਮੀਨੀ ਰਸਤੇ ਰਾਹੀਂ ਬਹੁਤ ਹੀ ਸੀਮਿਤ ਆਵਾਜਾਈ ਅਟਾਰੀ-ਵਾਹਘਾ ਸਰਹੱਦ ਚੈੱਕ ਪੁਆਇੰਟ ਰਾਹੀਂ ਹੀ ਹੋ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 1500 ਤੀਰਥ ਯਾਤਰੀਆਂ ਦਾ ਇਕ ਜੱਥਾ 17 ਤੋਂ 26 ਨਵੰਬਰ ਤੱਕ ਪਾਕਿਸਤਾਨ ਜਾ ਰਿਹਾ ਹੈ ਪਰ ਇਹ ਯਾਤਰਾ ਅਟਾਰੀ-ਵਾਹਘਾ ਚੈਕ ਪੁਆਇੰਟ ਤੋਂ ਹੀ ਹੋਵੇਗੀ। ਇਸ ਦੌਰਾਨ ਇਹ ਜੱਥਾ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਦੇਹਰਾ ਸਾਹਿਬ, ਕਰਤਾਰਪੁਰ ਸਾਹਿਬ ਸਣੇ 6 ਧਾਰਮਿਕ ਸਥਾਨਾਂ ਦੀ ਯਾਤਰਾ ਕਰੇਗਾ। ਇਹ ਯਾਤਰਾ 1974 ਦੇ ਤੀਰਥ ਯਾਤਰਾ ਪ੍ਰੋਟੋਕੋਲ ਤਹਿਤ ਹੋਵੇਗੀ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News