ਜਦੋਂ ਕਰਨਾਟਕ ਦੇ ਰਾਜਪਾਲ ਨੂੰ ਜਹਾਜ਼ 'ਚ ਚੜ੍ਹਨ ਤੋਂ ਰੋਕਿਆ, ਸਾਮਾਨ ਵੀ ਲਾਹ ਦਿੱਤਾ ਥੱਲੇ
Saturday, Jul 29, 2023 - 10:33 AM (IST)
ਬੈਂਗਲੁਰੂ (ਭਾਸ਼ਾ)- ਪ੍ਰੋਟੋਕੋਲ ਦੀ ਉਲੰਘਣਾ ਕਰਦੇ ਹੋਏ ਏਅਰ ਏਸ਼ੀਆ ਨੇ ਵੀਰਵਾਰ ਇੱਥੇ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਲਏ ਬਿਨਾ ਹੀ ਸਥਾਨਕ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰੀ ਹਾਲਾਂਕਿ ਰਾਜਪਾਲ ਏਅਰਪੋਰਟ ਲਾਉਂਜ ’ਚ ਮੌਜੂਦ ਸਨ। ਕੰਪਨੀ ਨੇ ਇਸ ਘਟਨਾ ਲਈ ਮੁਆਫੀ ਮੰਗੀ ਹੈ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਰਾਜਪਾਲ ਦੇ ਪ੍ਰੋਟੋਕੋਲ ਅਧਿਕਾਰੀਆਂ ਨੇ ਏਅਰਪੋਰਟ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸੂਤਰਾਂ ਮੁਤਾਬਕ ਗਹਿਲੋਤ ਨੇ ਵੀਰਵਾਰ ਦੁਪਹਿਰ ਟਰਮੀਨਲ-2 ਤੋਂ ਹੈਦਰਾਬਾਦ ਲਈ ਫਲਾਈਟ ’ਚ ਸਵਾਰ ਹੋਣਾ ਸੀ, ਜਿੱਥੋਂ ਉਨ੍ਹਾਂ ਅੱਗੇ ਇਕ ਕਾਨਫਰੰਸ ’ਚ ਸ਼ਾਮਲ ਹੋਣ ਲਈ ਸੜਕੀ ਰਸਤੇ ਰਾਏਚੁਰ ਜਾਣਾ ਸੀ।
ਸੂਤਰਾਂ ਨੇ ਦੱਸਿਆ ਕਿ ਜਿਵੇਂ ਹੀ ਏਅਰ ਏਸ਼ੀਆ ਦੀ ਫਲਾਈਟ ਉੱਥੇ ਪਹੁੰਚੀ, ਉਨ੍ਹਾਂ ਦਾ ਸਾਮਾਨ ਜਹਾਜ਼ ’ਚ ਰੱਖਿਆ ਗਿਆ। ਨਾਲ ਹੀ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਗਹਿਲੋਤ ਨੂੰ ਟਰਮੀਨਲ ’ਤੇ ਪਹੁੰਚਣ ’ਚ ਕੁਝ ਦੇਰ ਹੋ ਜਾਵੇਗੀ। ਸ਼ਿਕਾਇਤ ’ਚ ਦੋਸ਼ ਲਗਾਇਆ ਗਿਆ ਹੈ,‘ਹਾਲਾਂਕਿ ਏਅਰ ਏਸ਼ੀਆ (ਏ. ਆਈ. ਐਕਸ. ਕਨੈਕਟ) ਦੇ ਕਰਮਚਾਰੀ ਆਰਿਫ ਨੇ ਰਾਜਪਾਲ ਨੂੰ ਜਹਾਜ਼ ’ਚ ਸਵਾਰ ਹੋਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰਦੇ ਹੋਏ ਕਿਹਾ ਕਿ ਪਹੁੰਚਣ ’ਚ ਦੇਰ ਹੋਈ ਹੈ। ਹਾਲਾਂਕਿ ਉਸ ਸਮੇਂ ਤੱਕ ਵੀ ਜਹਾਜ਼ ਦੇ ਦਰਵਾਜ਼ੇ ਖੁੱਲ੍ਹੇ ਹੋਏ ਸਨ। ’ ਇਸ ਤੋਂ ਇਲਾਵਾ ਰਾਜਪਾਲ ਦਾ ਸਾਮਾਨ ਲਾਹ ਦਿੱਤਾ ਗਿਆ, ਜਿਸ ’ਚ 10 ਮਿੰਟ ਖਰਾਬ ਹੋ ਗਏ। ਰਾਜਪਾਲ ਉਦੋਂ ਵੀ ਪੌੜੀਆਂ ਕੋਲ ਖੜ੍ਹੇ ਸਨ ਅਤੇ ਜਹਾਜ਼ ਦੇ ਦਰਵਾਜ਼ੇ ਖੁੱਲ੍ਹੇ ਸਨ। ਫਿਰ ਵੀ ਜਹਾਜ਼ ’ਚ ਸਵਾਰ ਹੋਣ ਦੀ ਇਜਾਜ਼ਤ ਨਾ ਦੇ ਕੇ ਰਾਜਪਾਲ ਦਾ ਅਪਮਾਨ ਕੀਤਾ ਗਿਆ।’ ਰਾਜਪਾਲ ਨੂੰ ਹੈਦਰਾਬਾਦ ਪਹੁੰਚਣ ਲਈ 90 ਮਿੰਟ ਬਾਅਦ ਇੱਕ ਹੋਰ ਫਲਾਈਟ ਲੈਣੀ ਪਈ। ਇਸ ਦੌਰਾਨ ਹਵਾਬਾਜ਼ੀ ਕੰਪਨੀ ਨੇ ਘਟਨਾ ’ਤੇ ਅਫਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਚਿੰਤਾਵਾਂ ਨੂੰ ਦੂਰ ਕਰਨ ਲਈ ਰਾਜਪਾਲ ਦਫਤਰ ਦੇ ਸੰਪਰਕ ’ਚ ਹਨ। ਏਅਰ ਏਸ਼ੀਆ ਦੀ ਸਹਿਯੋਗੀ ਕੰਪਨੀ ਏ. ਆਈ. ਐਕਸ. ਕਨੈਕਟ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਇਸ ਘਟਨਾ ’ਤੇ ਕਾਫੀ ਅਫਸੋਸ ਹੈ। ਜਾਂਚ ਕਰਵਾਈ ਜਾ ਰਹੀ ਹੈ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8