ਸਰਕਾਰੀ ਬੱਸ ਤੇ ਸਕੂਲ ਬੱਸ ਵਿਚਾਲੇ ਜ਼ਬਰਦਸਤ ਟੱਕਰ, ਦੋ ਵਿਦਿਆਰਥੀਆਂ ਦੀ ਮੌਤ, ਕਈ ਜ਼ਖ਼ਮੀ
Thursday, Sep 05, 2024 - 11:04 PM (IST)
ਬੈਂਗਲੁਰੂ : ਕਰਨਾਟਕ ਦੇ ਰਾਏਚੁਰ ਜ਼ਿਲ੍ਹੇ ਦੇ ਕਪਾਗਲ ਵਿਚ ਇੱਕ ਸਕੂਲ ਬੱਸ ਤੇ ਇੱਕ ਸਰਕਾਰੀ ਬੱਸ ਦੀ ਟੱਕਰ ਵਿਚ ਦੋ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ 42 ਵਿਦਿਆਰਥੀਆਂ ਨੂੰ ਲੈ ਕੇ ਇੱਕ ਨਿੱਜੀ ਸਕੂਲ ਵੱਲ ਜਾ ਰਹੀ ਸੀ। ਇੱਕ ਪੁਲਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਦੋ ਦੀ ਮੌਤ ਹੋ ਗਈ ਹੈ, ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹਨ, (ਕੁਝ) ਹੋਰ ਬੱਚਿਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਦਾ ਨੇੜਲੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਮੁੱਖ ਮੰਤਰੀ ਸਿੱਧਰਮਈਆ ਨੇ ਦੋ ਸਕੂਲੀ ਬੱਚਿਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਬੱਚਿਆਂ ਦੇ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ, ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ। ਮੈਂ ਆਪਣੇ ਬੱਚਿਆਂ ਨੂੰ ਗੁਆਉਣ ਵਾਲੇ ਮਾਪਿਆਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ।
ਕੇਂਦਰੀ ਸਟੀਲ ਅਤੇ ਭਾਰੀ ਉਦਯੋਗ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਇਸ ਹਾਦਸੇ ਵਿੱਚ ਬਹੁਤ ਸਾਰੇ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਅਤੇ ਕੁਝ ਨੇ ਆਪਣੇ ਅੰਗ ਗੁਆ ਦਿੱਤੇ ਹਨ। ਕੁਮਾਰਸਵਾਮੀ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਜ਼ਖਮੀ ਬੱਚਿਆਂ ਨੂੰ ਹਰ ਤਰ੍ਹਾਂ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਵੇ ਤੇ ਤੁਰੰਤ ਰਾਹਤ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਵਿਚ ਲਾਪਰਵਾਹੀ ਅਤੇ ਡਰਾਈਵਰਾਂ ਦੀ ਲਾਪਰਵਾਹੀ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ... ਹਰ ਕਿਸੇ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।