ਕਰਨਾਟਕ ਚੋਣਾਂ ਤੋਂ ਇਕ ਦਿਨ ਪਹਿਲਾਂ CM ਬਸਵਰਾਜ ਮੰਦਰ ਗਏ, ਹਨੂੰਮਾਨ ਚਾਲੀਸਾ ਪੜ੍ਹਿਆ
Tuesday, May 09, 2023 - 05:45 PM (IST)
![ਕਰਨਾਟਕ ਚੋਣਾਂ ਤੋਂ ਇਕ ਦਿਨ ਪਹਿਲਾਂ CM ਬਸਵਰਾਜ ਮੰਦਰ ਗਏ, ਹਨੂੰਮਾਨ ਚਾਲੀਸਾ ਪੜ੍ਹਿਆ](https://static.jagbani.com/multimedia/2023_5image_17_41_378843591temple.jpg)
ਬੈਂਗਲੁਰੂ- ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਕਾਂਗਰਸ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਨੇ ਸੂਬਾ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਅੰਜਨੇਯਾ ਮੰਦਰ ਦਾ ਦੌਰਾ ਕੀਤਾ। ਬੋਮਈ, ਹੁਬਲੀ ਵਿਚ ਵਿਜਯਨਗਰ ਸਥਿਤ ਮੰਦਰ ਗਏ ਅਤੇ ਉੱਥੇ ਹਾਜ਼ਰ ਸ਼ਰਧਾਲੂਆਂ ਨਾਲ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਸ਼ਿਵਕੁਮਾਰ ਬੈਂਗਲੁਰੂ ਸਥਿਤ ਕੇ. ਆਰ. ਮਾਰਕੀਟ ਸਥਿਤ ਮੰਦਰ ਗਏ ਅਤੇ ਪੂਜਾ ਕੀਤੀ।
ਬਜਰੰਗ ਦਲ 'ਤੇ ਪਾਬੰਦੀ ਲਗਾਉਣ ਦੇ ਕਾਂਗਰਸ ਦੇ ਚੋਣ ਮੈਨੀਫੈਸਟੋ ਦੇ ਪ੍ਰਸਤਾਵ ਤੋਂ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਇਹ ਯਾਤਰਾਵਾਂ ਮਾਇਨੇ ਰੱਖਦੀਆਂ ਹਨ। ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਨੇ ਇਸ ਮੁੱਦੇ ਦੀ ਵਰਤੋਂ ਕਾਂਗਰਸ 'ਤੇ ਭਗਵਾਨ ਅੰਜਨੇਯਾ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਖ਼ਿਲਾਫ਼ ਹੋਣ ਦਾ ਦੋਸ਼ ਲਗਾਉਣ ਲਈ ਕੀਤੀ। ਉਨ੍ਹਾਂ ਨੇ ਪ੍ਰਚਾਰ ਦੌਰਾਨ ਵਾਰ-ਵਾਰ 'ਜੈ ਬਜਰੰਗਬਲੀ' ਦਾ ਨਾਅਰਾ ਲਗਾਇਆ।
ਸ਼ਿਵਕੁਮਾਰ ਸਮੇਤ ਹੋਰ ਕਾਂਗਰਸੀ ਆਗੂ ਮੈਨੀਫੈਸਟੋ 'ਚ ਦਿੱਤੇ ਗਏ ਪ੍ਰਸਤਾਵ 'ਤੇ ਅੜੇ ਹੋਏ ਹਨ ਅਤੇ ਕਿਹਾ ਹੈ ਕਿ ਭਗਵਾਨ ਅੰਜਨੇਯਾ ਜਾਂ ਬਜਰੰਗ ਦਲ ਦੋ ਵੱਖ-ਵੱਖ ਚੀਜ਼ਾਂ ਹਨ ਅਤੇ ਇਨ੍ਹਾਂ ਦੀ ਤੁਲਨਾ ਇਕ-ਦੂਜੇ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਉਹ ਅੰਜਨੇਯਾ ਅਤੇ ਭਗਵਾਨ ਰਾਮ ਦੇ ਵੀ ਉਪਾਸਕ ਹਨ। ਸ਼ਿਵਕੁਮਾਰ ਨੇ ਮੰਦਰ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਮੈਂ ਭਗਵਾਨ ਅੰਜਨੇਯਾ ਨੂੰ ਪ੍ਰਾਰਥਨਾ ਕੀਤੀ ਕਿ ਉਹ ਮੈਨੂੰ ਲੋਕਾਂ ਦੀ ਸੇਵਾ ਕਰਨ ਦੀ ਤਾਕਤ ਦੇਣ।