ਕਰਨਾਟਕ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਹੋਈ ਤਿੰਨ, 56 ਲੋਕ ਬਚਾਏ ਗਏ

03/20/2019 12:19:26 PM

ਬੈਂਗਲੁਰੂ (ਭਾਸ਼ਾ)— ਉੱਤਰੀ ਕਰਨਾਟਕ ਦੇ ਧਾਰਵਾੜ ਵਿਚ ਢਹਿ-ਢੇਰੀ ਹੋਈ ਇਕ ਉਸਾਰੀ ਅਧੀਨ ਇਮਾਰਤ ਦੇ ਮਲਬੇ ਹੇਠੋਂ ਇਕ ਹੋਰ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ ਵਧ ਕੇ 3 ਹੋ ਗਈ ਹੈ। ਬਚਾਅ ਕਰਮਚਾਰੀਆਂ ਨੇ ਬੈਂਗਲੁਰੂ ਤੋਂ ਕਰੀਬ 400 ਕਿਲੋਮੀਟਰ ਦੂਰ ਧਾਰਵਾੜ ਦੇ ਕੁਮਾਰੇਸ਼ਰਨਗਰ ਵਿਚ ਮੰਗਲਵਾਰ ਦੀ ਸ਼ਾਮ ਨੂੰ ਢਹਿ-ਢੇਰੀ ਹੋਈ 4 ਮੰਜ਼ਲਾਂ ਉਸਾਰੀ ਅਧੀਨ ਇਮਾਰਤ ਦੇ ਮਲਬੇ ਹੇਠੋਂ 56 ਲੋਕਾਂ ਨੂੰ ਬਾਹਰ ਕੱਢਿਆ ਹੈ। 

ਪੁਲਸ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਅਜੇ ਤਕ 30 ਲੋਕ ਮਲਬੇ ਵਿਚ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਮੁਹਿੰਮ ਚਲਾਈ ਜਾ ਰਹੀ ਹੈ। 10 ਐਂਬੂਲੈਂਸ ਅਤੇ 5 ਫਾਇਰ ਬ੍ਰਿਗੇਡ ਗੱਡੀਆਂ ਤੋਂ ਇਲਾਵਾ ਰਾਹਤ ਅਤੇ ਬਚਾਅ ਕੰਮ ਵਿਚ ਰਾਸ਼ਟਰੀ ਆਫਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਦੀਆਂ 3 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਐੱਨ. ਡੀ. ਆਰ. ਐੱਫ. ਨੇ ਟਵੀਟ ਵਿਚ ਕਿਹਾ ਹੈ ਕਿ ਦੋ ਟੀਮਾਂ ਗਾਜ਼ੀਆਬਾਦ ਤੋਂ ਅਤੇ ਇਕ ਬੈਂਗਲੁਰੂ ਤੋਂ ਆਈਆਂ ਹਨ। ਬਚਾਅ ਕੰਮ ਵਿਚ ਕਰੀਬ 150 ਪੁਲਸ ਮੁਲਾਜ਼ਮ, ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾ ਦੇ ਕਰਮਚਾਰੀ ਲੱਗੇ ਹੋਏ ਹਨ। ਇਸ ਮਾਮਲੇ ਵਿਚ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਕਰਨਾਟਕ ਦੇ ਸਾਬਕਾ ਮੰਤਰੀ ਅਤੇ ਇਲਾਕੇ ਦੇ ਕਾਂਗਰਸ ਨੇਤਾ ਵਿਨਯ ਕੁਲਕਰਨੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਚਾਹੇ ਕੋਈ ਵੀ ਹੋਵੇ, ਉਸ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਇਕ ਚਮਸ਼ਦੀਦ ਨੇ ਕਿਹਾ ਕਿ ਇਮਾਰਤ ਦੀ ਸਮਰੱਥਾ 4 ਮੰਜ਼ਲਾਂ ਨੂੰ ਸਹਿਣ ਦੀ ਨਹੀਂ ਸੀ ਫਿਰ ਵੀ ਹੋਰ ਮੰਜ਼ਲਾਂ ਤਿਆਰ ਕੀਤੀਆਂ ਜਾ ਰਹੀਆਂ ਸਨ।


Tanu

Content Editor

Related News