ਕਰਨਾਲ: ਲਾਕਡਾਊਨ ਦੌਰਾਨ ਖੁੱਲ੍ਹਿਆ ਸਕੂਲ, ਕਮਰੇ ''ਚ ਬੰਦ ਮਿਲੇ ਬੱਚੇ ਅਤੇ 15 ਅਧਿਆਪਕ

04/29/2020 4:11:46 PM

ਕਰਨਾਲ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਕਾਰਨ ਲਾਕਡਾਊਨ ਲਾਗੂ ਹੈ। ਇਸ ਦੇ ਦੌਰਾਨ ਹਰਿਆਣਾ 'ਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਸੂਬੇ ਦੇ ਸੀ.ਐੱਮ. ਸਿਟੀ ਕਰਨਾਲ 'ਚ ਲਾਕਡਾਊਨ ਦੇ ਬਾਵਜੂਦ ਇਕ ਸਕੂਲ ਖੋਲ੍ਹਿਆ ਗਿਆ ਅਤੇ ਬੱਚੇ ਵੀ ਸਕੂਲ 'ਚ ਮੌਜੂਦ ਸੀ। ਮੌਕੇ 'ਤੇ ਸਿੱਖਿਆ ਵਿਭਾਗ ਦੀ ਟੀਮ ਪਹੁੰਚੀ ਤਾਂ ਕਮਰੇ 'ਚ 15 ਅਧਿਆਪਕ ਵੀ ਬਾਹਰ ਕੱਢੇ ਗਏ। 

ਦਰਅਸਲ ਇਹ ਮਾਮਲਾ ਸ਼ਹਿਰ ਦੇ ਇਕ ਐਸ.ਬੀ ਮਿਸ਼ਨ ਸਕੂਲ ਦਾ ਹੈ, ਜਿਸ ਦੇ ਖੁੱਲ੍ਹਣ ਅਤੇ ਕਲਾਸਾਂ ਚੱਲਣ ਦੀ ਜਾਣਕਾਰੀ ਕਿਸੇ ਨੇ ਸਕੂਲ ਵਿਭਾਗ ਨੂੰ ਦਿੱਤੀ। ਜਦੋਂ ਸਿੱਖਿਆ ਵਿਭਾਗ ਦੀ ਟੀਮ ਪਹੁੰਚੀ ਤਾਂ ਬੱਚੇ ਕਲਾਸ 'ਚ ਬੈਠ ਕੇ ਪੜ੍ਹ ਰਹੇ ਸਨ। ਇਸ ਦੇ ਨਾਲ ਹੀ ਸਕੂਲ ਮੈਨੇਜਮੈਂਟ ਨੂੰ ਜਦੋਂ ਅਧਿਆਪਕਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਕੋਈ ਗੱਲ ਨਾ ਆਈ। ਮੌਕੇ 'ਤੇ ਸਕੂਲ ਦਾ ਇਕ ਕਮਰਾ ਬੰਦ ਸੀ, ਜਦੋਂ ਕਮਰਾ ਖੋਲ੍ਹਿਆ ਗਿਆ ਤਾਂ ਅੰਦਰੋਂ ਲਗਭਗ 15 ਅਧਿਆਪਕ ਵੀ ਬਾਹਰ ਕੱਢੇ ਗਏ। 

ਦੱਸਣਯੋਗ ਹੈ ਕਿ ਲਾਕਡਾਊਨ ਕਰਕੇ ਹਰਿਆਣਾ 'ਚ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸੀ। ਇਨ੍ਹਾਂ ਹੁਕਮਾਂ ਦੇ ਬਾਵਜੂਦ ਸਕੂਲ ਮੈਨੇਜਮੈਂਟ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸਕੂਲ ਬੁਲਾਇਆ। ਸੂਚਨਾ ਮਿਲਣ ‘ਤੇ ਸਿੱਖਿਆ ਅਧਿਕਾਰੀ ਰਵਿੰਦਰ ਚੌਧਰੀ, ਸੀ.ਡਬਲਿਊ.ਸੀ. ਚੇਅਰਮੈਨ ਸਮੇਤ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜੇ। ਸਕੂਲ ਮੈਨੇਜਮੈਂਟ ਕਮੇਟੀ ਨੇ ਅਜੀਬ ਦਲੀਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਕਿਤਾਬਾਂ ਲੈਣ ਲਈ ਆਏ ਸਨ ਪਰ ਸਕੂਲ ਮੈਨੇਜਮੈਂਟ ਦੀ ਇਹ ਦਲੀਲ ਉਸ ਵੇਲੇ ਝੂਠੀ ਸਾਬਤ ਹੋ ਗਈ, ਜਦੋਂ ਵੱਖਰੀ ਕਲਾਸ 'ਚ ਬਿਨਾਂ ਮਾਸਕ ਤੋਂ ਬੱਚਿਆਂ ਨੂੰ ਬਿਠਾਇਆ ਹੋਇਆ ਸੀ। ਕੁਝ ਕਮਰਿਆਂ ਨੂੰ ਬਾਹਰੋਂ ਤਾਲਾ ਲਗਾ ਕੇ ਪੜਾਈ ਕਰਵਾਈ ਜਾ ਰਹੀ ਸੀ।

ਇਹ ਵੀ ਦੱਸਿਆ ਜਾਂਦਾ ਹੈ ਕਿ ਸੀ.ਐਮ. ਸਿਟੀ ਕਰਨਾਲ 'ਚ ਹੁਣ ਤੱਕ ਕੋਰੋਨਾ ਪਾਜ਼ੇਟਿਵ ਦੇ 6 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 5 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਇਕ ਮੌਤ ਵੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਸਕੂਲ ਖੋਲਣਾ ਵੱਡੀ ਲਾਪਰਵਾਹੀ ਹੈ। ਸਿੱਖਿਆ ਵਿਭਾਗ ਵੱਲੋਂ ਸਕੂਲ ਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ ਫਿਲਹਾਲ ਜਾਂਚ ਜਾਰੀ ਹੈ ਅਤੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਹਨ।


Iqbalkaur

Content Editor

Related News