ਕਰਨਾਲ : ਗੁਰਦੁਆਰਾ ਗ੍ਰੰਥੀ ਤੇ ਉਸ ਦੀ ਪਤਨੀ ਦੀ ਲਾਸ਼ ਇਕ ਨਹਿਰ ''ਚੋਂ ਮਿਲੀ
Sunday, Aug 12, 2018 - 03:19 PM (IST)
ਕਰਨਾਲ (ਏਜੰਸੀ)— ਕਰਨਾਲ ਵਿਚ ਰਹਿਣ ਵਾਲਾ ਇਕ ਜੋੜਾ ਦੋ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਸ਼ਨੀਵਾਰ ਪੁਲਸ ਨੂੰ ਉਨ੍ਹਾਂ ਦੀਆਂ ਲਾਸ਼ਾਂ ਜ਼ਿਲੇ ਦੇ ਕੈਥਲ ਰੋਡ ਨੇੜੇ ਭਾਖੜਾ ਨਹਿਰ ਵਿਚੋਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਜਸਵਿੰਦਰ ਸਿੰਘ (45) ਅਤੇ ਨਵਨੀਤ ਕੌਰ (40) ਦੇ ਰੂਪ ਵਿਚ ਹੋਈ ਹੈ। ਦੋਵੇਂ ਸੋਨਕਰਾ ਪਿੰਡ ਦੇ ਵਸਨੀਕ ਸਨ। ਜਸਵਿੰਦਰ ਸਿੰਘ ਜ਼ਿਲੇ ਦੇ ਨਦਾਣਾ ਪਿੰਡ ਦੇ ਗ੍ਰੰਥੀ ਦੇ ਰੂਪ ਵਿਚ ਕੰਮ ਕਰਦਾ ਸੀ।
ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਕੁਝ ਲੋਕਾਂ ਨੇ ਜੋੜੇ ਨੂੰ ਲੱਗਭਗ 15 ਲੱਖ ਰੁਪਏ ਕਾਰਨ ਪਰੇਸ਼ਾਨ ਕੀਤਾ ਹੋਇਆ ਸੀ। ਤਾਰੋਰੀ ਦੇ ਐੱਸ.ਐੱਚ.ਓ. ਦੀਵਾਨ ਸਿੰਘ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਜੋੜੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲੀ ਸੀ ਅਤੇ ਇਸ ਸਬੰਧੀ ਇਕ ਕੇਸ ਰਜਿਸਟਰਡ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਬੌਡੀਜ਼ ਨੂੰ ਸ਼ਨੀਵਾਰ ਦੁਪਹਿਰ ਨਹਿਰ ਵਿਚੋਂ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਜਸਵਿੰਦਰ ਦੇ ਭਰਾ ਸੁੱਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਲੋਕਾਂ ਨੇ ਉਸ ਦੇ ਭਰਾ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਸੀ। ਸੁੱਖਵਿੰਦਰ ਸਿੰਘ ਨੇ ਕਿਹਾ,''ਸਾਨੂੰ ਇਨਸਾਫ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਜੇਲ ਦੀ ਸਜ਼ਾ ਮਿਲਣੀ ਚਾਹੀਦੀ ਹੈ।'' ਐੱਸ.ਐੱਚ.ਓ. ਨੇ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਨੇ ਹਰਜਿੰਦਰ ਸਿੰਘ, ਹਰਭਜਨ ਸਿੰਘ, ਭੁਪਿੰਦਰ ਸਿੰਘ ਅਤੇ ਦੋ ਹੋਰ ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 306 ਦੇ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਸਾਰੇ ਦੋਸ਼ੀ ਫੜ ਲਏ ਜਾਣਗੇ।