''ਨੇਮ ਪਲੇਟ ਵਿਵਾਦ'' ''ਤੇ SC ਨੇ ਕਿਹਾ- ਦੁਕਾਨਾਂ ਦੇ ਬਾਹਰ ਨਾਂ ਲਿਖਣ ਲਈ ਕਿਸੇ ਨੂੰ ਮਜ਼ਬੂਰ ਨਹੀਂ ਕਰ ਸਕਦੇ

Friday, Jul 26, 2024 - 02:11 PM (IST)

ਨਵੀਂ ਦਿੱਲੀ- ਕਾਂਵੜ ਯਾਤਰਾ ਰੂਟ 'ਤੇ ਦੁਕਾਨਾਂ ਅਤੇ ਰੈਸਟੋਰੈਂਟਾਂ ਲਈ ਨੇਮ ਪਲੇਟ ਵਿਵਾਦ 'ਤੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਸਾਡਾ ਹੁਕਮ ਸਾਫ਼ ਹੈ ਕਿ ਜੇਕਰ ਕੋਈ ਆਪਣੀ ਮਰਜ਼ੀ ਨਾਲ ਦੁਕਾਨ ਦੇ ਬਾਹਰ ਆਪਣਾ ਨਾਂ ਲਿਖਣਾ ਚਾਹੁੰਦਾ ਹੈ ਤਾਂ ਅਸੀਂ ਉਸ ਨੂੰ ਰੋਕ ਨਹੀਂ ਸਕਦੇ। ਕਿਸੇ ਨੂੰ ਨਾਂ ਲਿਖਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਕਾਂਵੜ ਯਾਤਰਾ ਰੂਟ ਦੀਆਂ ਦੁਕਾਨਾਂ 'ਤੇ ਜ਼ਰੂਰੀ ਰੂਪ ਨਾਲ ਨੇਮ ਪਲੇਟ ਲਾਉਣ ਦੇ ਹੁਕਮ 'ਤੇ ਅੰਤਰਿਮ ਰੋਕ ਲਾ ਦਿੱਤੀ ਸੀ। ਮਾਮਲੇ ਵਿਚ ਹੁਣ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ। 

ਓਧਰ ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਅਸੀਂ ਸ਼ਿਵ ਭਗਤ ਕਾਂਵੜੀਆਂ ਦੇ ਭੋਜਨ ਦੀ ਪਸੰਦ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ। ਸਰਕਾਰ ਨੇ ਆਪਣੇ ਜਵਾਬ ਵਿਚ ਕਿਹਾ ਕਿ ਸੂਬੇ ਵਲੋਂ ਜਾਰੀ ਨਿਰਦੇਸ਼ ਦੁਕਾਨਾਂ ਅਤੇ ਰੈਸਟੋਰੈਂਟਾਂ ਦੇ ਨਾਵਾਂ ਤੋਂ ਹੋਣ ਵਾਲੇ ਉਲਝਣ ਬਾਰੇ ਕਾਂਵੜੀਆਂ ਵਲੋਂ ਮਿਲੀਆਂ ਸ਼ਿਕਾਇਤਾਂ ਮਗਰੋਂ ਜਾਰੀ ਕੀਤੇ ਗਏ ਸਨ। ਅਜਿਹੀਆਂ ਸ਼ਿਕਾਇਤਾਂ ਮਿਲਣ 'ਤੇ ਪੁਲਸ ਅਧਿਕਾਰੀਆਂ ਨੇ ਤੀਰਥ ਯਾਤਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਇਹ ਕਾਰਵਾਈ ਕੀਤੀ।

ਸੁਪਰੀਮ ਕੋਰਟ 'ਚ ਉੱਤਰ ਪ੍ਰਦੇਸ਼ ਸਰਕਾਰ ਨੇ ਇਹ ਵੀ ਕਿਹਾ ਕਿ ਭੋਜਨ ਵਿਕਰੇਤਾਵਾਂ ਦੇ ਕਾਰੋਬਾਰ 'ਤੇ ਕੋਈ ਪਾਬੰਦੀਆਂ ਨਹੀਂ ਲਗਾਈਆਂ ਹਨ (ਮਾਸਾਹਾਰੀ ਭੋਜਨ ਵੇਚਣ 'ਤੇ ਪਾਬੰਦੀ ਨੂੰ ਛੱਡ ਕੇ) ਅਤੇ ਉਹ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਆਜ਼ਾਦ ਹਨ।
 


Tanu

Content Editor

Related News