ਬਾਲੀਵੁੱਡ ਸਿੰਗਰ ਕਨਿਕਾ ਨੂੰ ਕੋਰੋਨਾ, ਵਸੁੰਧਰਾ ਸਮੇਤ ਕਈ ਨੇਤਾਵਾਂ ਅਤੇ ਸੈਂਕੜੇ ਲੋਕਾਂ ਨੂੰ ਖਤਰੇ 'ਚ ਪਾਇਆ

Friday, Mar 20, 2020 - 04:52 PM (IST)

ਲਖਨਊ— ਬੇਬੀ ਡੌਲ ਅਤੇ ਐੱਨ. ਐੱਚ. 10 ਦੇ ਗਾਣਿਆਂ ਤੋਂ ਮਸ਼ਹੂਰ ਹੋਈ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਕੋਰੋਨਾ ਪੋਜ਼ੀਟਿਵ ਹੈ। ਕਨਿਕਾ ਲਖਨਊ ਦੀ ਰਹਿਣ ਵਾਲੀ ਹੈ ਅਤੇ ਉਸ ਦੇ 3 ਬੱਚੇ ਲੰਡਨ ਵਿਚ ਪੜ੍ਹਦੇ ਹਨ। ਕਨਿਕਾ 9 ਮਾਰਚ ਨੂੰ ਲੰਡਨ ਤੋਂ ਪਰਤੀ ਸੀ।

ਕਨਿਕਾ 'ਤੇ ਐੱਫ.ਆਈ.ਆਰ. ਦਰਜ
ਇਸੇ ਦੌਰਾਨ ਕਨਿਕਾ ਵਿਰੁੱਧ ਲਖਨਊ ਦੇ ਡੀ. ਐੱਮ. ਅਭਿਸ਼ੇਕ ਪ੍ਰਕਾਸ਼ ਨੇ ਲਾਪਰਵਾਹੀ ਅਤੇ ਕੋਰੋਨਾ ਤੋਂ ਪੀੜਤ ਹੋਣ ਦਾ ਮਾਮਲਾ ਛੁਪਾਉਣ ਨੂੰ ਲੈ ਕੇ ਲਖਨਊ ਦੇ ਸਰੋਜਨੀ ਨਗਰ ਥਾਣੇ 'ਚ ਆਈ. ਪੀ. ਸੀ. ਦੀ ਧਾਰਾ 188, 209 ਅਤੇ 270 ਤਹਿਤ ਕੇਸ ਦਰਜ ਕਰਵਾ ਦਿੱਤਾ ਹੈ। ਉਥੇ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਨੇ ਕਨਿਕਾ ਕਪੂਰ ਦੀਆਂ ਸਾਰੀਆਂ ਪਾਰਟੀਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਡੀ. ਐੱਮ. ਤੋਂ 24 ਘੰਟਿਆਂ ਦੇ ਅੰਦਰ ਇਸ ਸਬੰਧੀ ਰਿਪੋਰਟ ਮੰਗੀ ਗਈ ਹੈ। ਹੋਟਲ ਤਾਜ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।

15 ਮਾਰਚ ਨੂੰ ਸਾਬਕਾ ਸੰਸਸਦ ਮੈਂਬਰ ਦੀ ਪਾਰਟੀ 'ਚ ਹੋਈ ਸੀ ਸ਼ਾਮਲ
ਕਨਿਕਾ ਸਭ ਤੋਂ ਪਹਿਲਾਂ 15 ਮਾਰਚ ਨੂੰ ਸਾਬਕਾ ਸੰਸਦ ਮੈਂਬਰ ਅਕਬਰ ਅਹਿਮਦ ਡੰਪੀ ਦੀ ਪਾਰਟੀ ਵਿਚ ਸ਼ਾਮਲ ਹੋਈ, ਜਿਸ ਵਿਚ 100 ਤੋਂ ਵੱਧ ਲੋਕ ਮੌਜੂਦ ਸਨ। ਉਸ ਨੇ ਲੋਕਾਂ ਨਾਲ ਹੱਥ ਮਿਲਾਇਆ ਅਤੇ ਸੈਲਫੀ ਵੀ ਲਈ। ਇਸ ਪਾਰਟੀ ਵਿਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਉਨ੍ਹਾਂ ਦੇ ਬੇਟੇ ਤੇ ਭਾਜਪਾ ਸੰਸਦ ਮੈਂਬਰ ਦੁਸ਼ਯੰਤ ਸਿੰਘ, ਯੂ. ਪੀ. ਦੇ ਲੋਕਾਯੁਕਤ ਸੰਜੇ ਮਿਸ਼ਰਾ, ਸਿਹਤ ਮੰਤਰੀ ਦੀ ਪਤਨੀ, ਰਿਟਾ. ਜੱਜ, ਕਈ ਵੱਡੇ ਨੇਤਾ ਅਤੇ ਅਧਿਕਾਰੀ ਮੌਜੂਦ ਸਨ। ਕਨਿਕਾ ਨੂੰ ਲਖਨਊ ਦੇ ਕਿੰਗਜਾਰਜ ਮੈਡੀਕਲ ਯੂਨੀਵਰਸਿਟੀ ਦੇ ਵੱਖਰੇ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਕਨਿਕਾ 3 ਹੋਰ ਪਾਰਟੀਆਂ ਵਿਚ ਲਗਭਗ 400 ਲੋਕਾਂ ਦੇ ਸੰਪਰਕ ਵਿਚ ਆਈ।

ਮੈਨੂੰ 14 ਦਿਨਾਂ ਤੱਕ ਰਹਿਣਾ ਚਾਹੀਦਾ ਸੀ ਵੱਖ- ਕਨਿਕਾ
ਇਸ ਤੋਂ ਇਲਾਵਾ ਕਨਿਕਾ ਡੀ. ਐੱਮ. ਕੇ. ਦੀ ਸੰਸਦ ਮੈਂਬਰ ਐੱਮ. ਕੇ. ਕਨੀਮੋਝੀ ਵਲੋਂ ਵੀਰਵਾਰ ਨੂੰ ਦਿੱਲੀ ਵਿਚ ਦਿੱਤੀ ਗਈ ਇਕ ਡਿਨਰ ਪਾਰਟੀ ਵਿਚ ਵੀ ਸ਼ਾਮਲ ਹੋਈ। ਇਸ ਪਾਰਟੀ ਵਿਚ ਵੀ ਦੁਸ਼ਯੰਤ ਸਿੰਘ, ਸੁਪ੍ਰਿਯਾ ਸੂਲੇ, ਰਿਸ਼ੀਕੇਸ਼ ਦੁਬੇ ਅਤੇ ਅਨੁਪ੍ਰਿਯਾ ਪਟੇਲ ਸਮੇਤ ਕਈ ਸੰਸਦ ਮੈਂਬਰ ਮੌਜੂਦ ਸਨ। ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਦੁਸ਼ਯੰਤ ਸਿੰਘ ਨੇ 3 ਦਿਨ ਤੱਕ ਲੋਕ ਸਭਾ ਦੀ ਕਾਰਵਾਈ ਵਿਚ ਵੀ ਹਿੱਸਾ ਲਿਆ। ਨਾਲ ਹੀ ਦੋ ਦਿਨ ਪਹਿਲਾਂ ਯੂ. ਪੀ. ਅਤੇ ਰਾਜਸਥਾਨ ਦੇ 96 ਸੰਸਦ ਮੈਂਬਰਾਂ ਦੇ ਨਾਲ ਰਾਸ਼ਟਰਪਤੀ ਭਵਨ ਵਿਚ ਇਕ ਸਮਾਰੋਹ ਵਿਚ ਵੀ ਸ਼ਮੂਲੀਅਤ ਕੀਤੀ। ਇਸ ਤਰ੍ਹਾਂ ਕਨਿਕਾ ਨੇ ਸੈਂਕੜੇ ਲੋਕਾਂ ਨੂੰ ਖਤਰੇ ਵਿਚ ਪਾ ਦਿੱਤਾ ਹੈ। ਇਸ ਦੌਰਾਨ ਕਨਿਕਾ ਨੇ ਇੰਸਟਾਗ੍ਰਾਮ 'ਤੇ ਕਿਹਾ ਕਿ ਮੇਰੇ ਤੋਂ ਗਲਤੀ ਹੋਈ ਹੈ ਅਤੇ ਮੈਨੂੰ ਖੁਦ ਨੂੰ ਘੱਟੋ-ਘੱਟ 14 ਦਿਨਾਂ ਤੱਕ ਵੱਖ ਰੱਖਣਾ ਚਾਹੀਦਾ ਸੀ ਪਰ ਮੈਂ ਲੋਕਾਂ ਨੂੰ ਮਿਲਦੀ ਰਹੀ ਅਤੇ ਸੰਪਰਕ 'ਚ ਆਉਂਦੀ ਰਹੀ।

ਦੁਸ਼ਯੰਤ ਨੈਗੇਟਿਵ, ਖੁਦ ਨੂੰ ਰੱਖਿਆ ਵੱਖ
ਰਾਜਨਾਥ ਸਿੰਘ ਦੇ ਬੇਟੇ ਪੰਕਜ ਅਤੇ ਭਾਜਪਾ ਸੰਸਦ ਮੈਂਬਰ ਦੁਸ਼ਯੰਤ ਸਿੰਘ ਨੇ ਖੁਦ ਨੂੰ ਅਲੱਖ-ਥਲਗ ਕਰ ਲਿਆ ਹੈ। ਹਾਲਾਂਕਿ ਜਾਂਚ ਰਿਪੋਰਟ 'ਚ ਦੁਸ਼ਯੰਤ ਨੈਗੇਟਿਵ ਪਾਏ ਗਏ ਹਨ।


DIsha

Content Editor

Related News