12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਨੂੰ ਲੈ ਕੇ ਮੱਧ ਪ੍ਰਦੇਸ਼ ਕਲੰਕਿਤ, ਕਮਲਨਾਥ ਨੇ BJP ''ਤੇ ਵਿੰਨ੍ਹੇ ਨਿਸ਼ਾਨੇ

Saturday, Sep 30, 2023 - 12:48 PM (IST)

12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਨੂੰ ਲੈ ਕੇ ਮੱਧ ਪ੍ਰਦੇਸ਼ ਕਲੰਕਿਤ, ਕਮਲਨਾਥ ਨੇ BJP ''ਤੇ ਵਿੰਨ੍ਹੇ ਨਿਸ਼ਾਨੇ

ਇੰਦੌਰ- ਉਜੈਨ 'ਚ 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਨੂੰ ਲੈ ਕੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਹਮਲਾ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਕਿਹਾ ਕਿ ਇਸ ਘਟਨਾ ਨਾਲ ਸੂਬੇ ਦਾ ਨਾਂ ਕਲੰਕਿਤ ਹੋ ਗਿਆ ਹੈ। ਕਮਲਨਾਥ ਇੰਦੌਰ ਦੇ ਸਰਕਾਰੀ ਮਹਾਰਾਜਾ ਤੁਕੋਜੀਰਾਵ ਹੋਲਕਰ ਮਹਿਲਾ ਹਸਪਤਾਲ ਪਹੁੰਚੇ, ਜਿੱਥੇ ਜਬਰ-ਜ਼ਿਨਾਹ ਪੀੜਤ ਬੱਚੀ ਪਿਛਲੇ 4 ਦਿਨਾਂ ਤੋਂ ਦਾਖ਼ਲ ਹੈ ਅਤੇ ਉਸ ਦੀ ਸਰਜਰੀ ਕੀਤੀ ਗਈ। 

ਕਮਲਨਾਥ ਨੇ ਕੁੜੀ ਦਾ ਇਲਾਜ ਕਰ ਰਹੇ ਡਾਕਟਰਾਂ ਤੋਂ ਉਸ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾਕਟਰਾਂ ਨੇ ਮੈਨੂੰ ਦੱਸਿਆ ਹੈ ਕਿ ਸਰਜਰੀ ਮਗਰੋਂ ਬੱਚੀ ਦੀ ਹਾਲਤ ਠੀਕ ਹੈ, ਇਸ ਵਿਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਉਹ ਮਾਨਸਿਕ ਰੂਪ ਤੋਂ ਅਜੇ ਵੀ ਪਰੇਸ਼ਾਨ ਹੈ। ਇਸ ਲਈ ਉਸ ਦੀ ਬਿਹਤਰੀ ਲਈ ਮਨੋ-ਵਿਗਿਆਨਕ ਦੀ ਨਿਯੁਕਤੀ ਕੀਤੀ ਗਈ ਹੈ। ਕਮਲਨਾਥ ਨੇ ਦਾਅਵਾ ਕੀਤਾ ਕਿ ਅਜਿਹੀਆਂ ਕਈ ਘਟਨਾਵਾਂ ਪ੍ਰਦੇਸ਼ ਭਰ ਵਿਚ ਰੋਜ਼ ਹੋ ਰਹੀਆਂ ਹਨ ਪਰ ਉਹ ਸਾਹਮਣੇ ਹੀ ਨਹੀਂ ਆਉਂਦੀਆਂ।

ਕਮਲਨਾਥ ਨੇ ਭਾਜਪਾ 'ਤੇ ਤਿੱਖਾ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਔਰਤਾਂ ਅਤੇ ਆਦਿਵਾਸੀਆਂ ਖ਼ਿਲਾਫ਼ ਹੋਣ ਵਾਲੇ ਅੱਤਿਆਚਾਰ ਨਾਲ ਹੀ ਭ੍ਰਿਸ਼ਟਾਚਾਰ ਦੇ ਪੱਧਰ 'ਤੇ ਵੀ ਮੱਧ ਪ੍ਰਦੇਸ਼ ਪਹਿਲੇ ਨੰਬਰ 'ਤੇ ਹੈ। ਕਮਲਨਾਥ ਨੇ ਕਿਹਾ ਕਿ ਕਾਂਗਰਸ ਵਲੋਂ ਪੀੜਤ ਬੱਚੀ ਦੇ ਪਰਿਵਾਰ ਦੀ ਹਰਸੰਭਵ ਮਦਦ ਕੀਤੀ ਜਾਵੇਗੀ ਅਤੇ ਉਸ ਨੂੰ ਬਿਹਤਰ ਇਲਾਜ ਲਈ ਦਿੱਲੀ ਦੇ ਕਿਸੇ ਵੱਡੇ ਹਸਪਤਾਲ ਭੇਜਣ ਦੇ ਪ੍ਰਬੰਧ ਲਈ ਵੀ ਪਾਰਟੀ ਤਿਆਰ ਹੈ। ਕਮਲਨਾਥ ਮੁਤਾਬਕ ਬੱਚੀ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਰਾਏ ਹੈ ਕਿ ਉਸ ਦੀ ਸਿਹਤ ਵਿਚ ਸੁਧਾਰ ਦੇ ਚੱਲਦੇ ਉਸ ਨੂੰ ਕਿਸੇ ਦੂਜੇ ਸ਼ਹਿਰ ਦੇ ਹਸਪਤਾਲ ਭੇਜੇ ਜਾਣ ਦੀ ਲੋੜ ਨਹੀਂ ਹੈ।


author

Tanu

Content Editor

Related News