IED ਧਮਾਕੇ ''ਚ ਕਮਲਜੀਤ ਸਿੰਘ ਸ਼ਹੀਦ; ਅਪ੍ਰੈਲ ''ਚ ਹੋਣਾ ਸੀ ਵਿਆਹ
Wednesday, Feb 12, 2025 - 03:18 PM (IST)
![IED ਧਮਾਕੇ ''ਚ ਕਮਲਜੀਤ ਸਿੰਘ ਸ਼ਹੀਦ; ਅਪ੍ਰੈਲ ''ਚ ਹੋਣਾ ਸੀ ਵਿਆਹ](https://static.jagbani.com/multimedia/2025_2image_15_18_261437659captain.jpg)
ਝਾਰਖੰਡ- ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿਚ ਕੰਟਰੋਲ ਰੇਖਾ (LoC) ਨੇੜੇ ਮੰਗਲਵਾਰ ਯਾਨੀ ਕਿ ਬੀਤੇ ਕੱਲ ਇਕ IED ਧਮਾਕਾ ਹੋਇਆ, ਜਿਸ 'ਚ ਦੋ ਜਵਾਨ ਸ਼ਹੀਦ ਹੋ ਗਏ, ਜਦਕਿ ਇਕ ਜ਼ਖ਼ਮੀ ਹੋ ਗਿਆ। ਸ਼ਹੀਦ ਹੋਏ ਜਵਾਨਾਂ 'ਚ ਇਕ ਝਾਰਖੰਡ ਦੇ ਹਜ਼ਾਰੀਬਾਗ ਦਾ ਰਹਿਣ ਵਾਲਾ ਸੀ। ਹਜ਼ਾਰੀਬਾਗ ਦੇ ਕਰਮਜੀਤ ਸਿੰਘ ਬਖਸ਼ੀ ਉਰਫ਼ ਪੁਨੀਤ ਦੇ ਮਾਪਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ 5 ਅਪ੍ਰੈਲ ਨੂੰ ਉਸ ਦਾ ਵਿਆਹ ਹੋਣ ਵਾਲਾ ਸੀ। ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਸ਼ਹਾਦਤ ਦੀ ਖ਼ਬਰ ਨਾਲ ਪਿੰਡ 'ਚ ਪਸਰਿਆ ਮਾਤਮ
ਪਰਿਵਾਰ ਮੁਤਾਬਕ ਵਿਆਹ ਦੀਆਂ ਤਿਆਰੀਆਂ ਲਈ ਕਰਮਜੀਤ 17 ਜਨਵਰੀ ਨੂੰ ਛੁੱਟੀ ਲੈ ਕੇ ਘਰ ਆਏ ਸਨ ਅਤੇ 24 ਜਨਵਰੀ ਨੂੰ ਵਾਪਸ ਜੰਮੂ ਪਰਤ ਗਏ ਸਨ। ਕਰਮਜੀਤ ਦੇ ਪਿਤਾ ਦਾ ਨਾਂ ਅਜਿੰਦਰ ਸਿੰਘ ਬਖਸ਼ੀ ਅਤੇ ਮਾਂ ਦਾ ਨਾਂ ਨੀਲੂ ਬਖਸ਼ੀ ਹੈ। ਉਹ ਉਨ੍ਹਾਂ ਦੇ ਵੱਡੇ ਪੁੱਤਰ ਸਨ। ਉਨ੍ਹਾਂ ਦਾ ਪਰਿਵਾਰ ਹਜ਼ਾਰੀਬਾਗ ਵਿਚ ਰੈਸਟੋਰੈਂਟ ਚਲਾਉਂਦਾ ਹੈ। ਕਮਲਜੀਤ ਸਿੰਘ ਦੀ ਸ਼ਹਾਦਤ ਦੀ ਖ਼ਬਰ ਆਉਣ ਮਗਰੋਂ ਹਜ਼ਾਰੀਬਾਗ ਦੇ ਸਿੱਖ ਭਾਈਚਾਰੇ ਸਮੇਤ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ। ਘਰ 'ਚ ਮਾਤਮ ਪਸਰ ਗਿਆ ਹੈ। ਓਧਰ ਪਿਤਾ ਅਜਿੰਦਰ ਸਿੰਘ ਬਖਸ਼ੀ ਨੇ ਕਿਹਾ ਕਿ ਪੁੱਤਰ ਨੂੰ ਬਚਪਨ ਤੋਂ ਹੀ ਫ਼ੌਜ ਵਿਚ ਜਾਣ ਦਾ ਜਨੂੰਨ ਸੀ। ਉਹ ਰੋਜ਼ਾਨਾ 10 ਤੋਂ 20 ਕਿਲੋਮੀਟਰ ਦੌੜਦਾ ਸੀ।
ਗਸ਼ਤ ਦੌਰਾਨ ਹੋਇਆ IED ਧਮਾਕਾ
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਇਲਾਕੇ ਵਿਚ ਗਸ਼ਤ ਕਰ ਰਹੇ ਸਨ, ਤਾਂ ਦੁਪਹਿਰ ਕਰੀਬ 3 ਵਜ ਕੇ 50 ਮਿੰਟ 'ਤੇ ਮੋਹਰੀ ਚੌਕੀ ਕੋਲ ਸ਼ਕਤੀਸ਼ਾਲੀ ਧਮਾਕਾ ਹੋਇਆ ਅਤੇ ਉਹ ਇਸ ਦੀ ਲਪੇਟ ਵਿਚ ਆ ਗਏ। ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਕੈਪਟਨ ਸਮੇਤ ਦੋ ਫ਼ੌਜੀ ਸ਼ਹੀਦ ਹੋ ਗਏ।