ਕਮਲਨਾਥ ਦੀ ਪ੍ਰੈੱਸ ਕਾਨਫਰੰਸ ''ਚ ਸ਼ਾਮਲ ਕੋਰੋਨਾ ਵਾਇਰਸ ਪੀੜਤ ਪੱਤਰਕਾਰ ''ਤੇ FIR ਦਰਜ

Saturday, Mar 28, 2020 - 11:39 AM (IST)

ਕਮਲਨਾਥ ਦੀ ਪ੍ਰੈੱਸ ਕਾਨਫਰੰਸ ''ਚ ਸ਼ਾਮਲ ਕੋਰੋਨਾ ਵਾਇਰਸ ਪੀੜਤ ਪੱਤਰਕਾਰ ''ਤੇ FIR ਦਰਜ

ਭੋਪਾਲ (ਭਾਸ਼ਾ)— ਪੁਲਸ ਨੇ ਭੋਪਾਲ ਦੇ ਕੋਰੋਨਾ ਵਾਇਰਸ ਨਾਲ ਪੀੜਤ ਇਕ ਪੱਤਰਕਾਰ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਪੱਤਰਕਾਰ ਦੀ ਬੇਟੀ ਲੰਡਨ ਤੋਂ ਪਰਤੀ ਸੀ, ਜਿਸ ਕਾਰਨ ਪੂਰੇ ਪਰਿਵਾਰ ਨੂੰ ਘਰ 'ਚ ਵੱਖਰੇ ਰਹਿਣ ਦੀ ਸਲਾਹ ਦਿੱਤੀ ਗਈ ਸੀ। ਇਸ ਦੇ ਬਾਵਜੂਦ ਇਹ ਪੱਤਰਕਾਰ 20 ਮਾਰਚ ਨੂੰ ਮੁੱਖ ਮੰਤਰੀ ਨਿਵਾਸ 'ਚ ਉਸ ਵੇਲੇ ਦੇ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ 'ਚ ਸ਼ਾਮਲ ਹੋਇਆ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਪੱਤਰਕਾਰ ਦੀ ਬੇਟੀ ਅਤੇ ਦੋ ਦਿਨ ਬਾਅਦ ਖੁਦ ਪੱਤਰਕਾਰ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਮੌਜੂਦਾ ਸਮੇਂ ਪਿਤਾ ਅਤੇ ਬੇਟੀ ਦੋਵੇਂ ਇਲਾਜ ਲਈ ਭੋਪਾਲ ਦੇ ਏਮਜ਼ 'ਚ ਭਰਤੀ ਹਨ। ਭੋਪਾਲ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਹਿਰ ਦੇ ਸ਼ਯਾਮਲਾ ਹਿੱਲਜ਼ ਪੁਲਸ ਥਾਣੇ ਵਿਚ ਸ਼ੁੱਕਰਵਾਰ ਰਾਤ ਇਸ ਪੱਤਰਕਾਰ ਵਿਰੁੱਧ ਧਾਰਾ-188 (ਸਰਕਾਰੀ ਸੇਵਕ ਦੇ ਕਾਨੂੰਨੀ ਆਦੇਸ਼ ਦਾ ਉਲੰਘਣ), ਧਾਰਾ-269, ਧਾਰਾ-270 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਬੰਧਤ ਸਰਕਾਰ ਦੀਆਂ ਪਾਬੰਦੀਆਂ ਦੇ ਹੁਕਮ ਦਾ ਉਲੰਘਣ ਕਰਨ 'ਤੇ ਪੱਤਰਕਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। 

PunjabKesari

ਸੂਤਰਾਂ ਨੇ ਦੱਸਿਆ ਕਿ ਦੋਸ਼ੀ ਪੱਤਰਕਾਰ ਦੀ 26 ਸਾਲਾ ਬੇਟੀ ਲੰਡਨ 'ਚ ਲਾਅ ਦੀ ਪੜ੍ਹਾਈ ਕਰ ਰਹੀ ਹੈ। 18 ਮਾਰਚ ਨੂੰ ਉਸ ਦੇ ਲੰਡਨ ਤੋਂ ਭੋਪਾਲ ਆਉਣ 'ਤੇ ਪਰਿਵਾਰ ਨੂੰ ਘਰ 'ਚ ਵੱਖਰੇ ਰਹਿਣ (ਹੋਮ ਕੁਆਰੰਟਾਈਨ) ਦੀ ਸਲਾਹ ਦਿੱਤੀ ਗਈ। ਉਸ ਦੇ ਆਉਣ ਦੇ ਦੋ ਦਿਨ ਬਾਅਦ ਯਾਨੀ ਕਿ 20 ਮਾਰਚ ਨੂੰ ਉਕਤ ਪੱਤਰਕਾਰ ਨੇ ਮੁੱਖ ਮੰਤਰੀ ਨਿਵਾਸ 'ਚ ਉਸ ਵੇਲੇ ਦੇ ਮੁੱਖ ਮੰਤਰੀ ਕਮਲਨਾਥ ਦੀ ਪੱਤਰਕਾਰ ਪ੍ਰੈੱਸ ਕਾਨਫਰੰਸ 'ਚ ਹਿੱਸਾ ਲਿਆ। ਇਸ ਪ੍ਰੈੱਸ ਕਾਨਫਰੰਸ ਵਿਚ ਮੁੱਖ ਮੰਤਰੀ ਕਮਲਨਾਥ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪੱਤਰਕਾਰ ਦੀ ਬੇਟੀ 'ਚ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਦੋ ਦਿਨ ਬਾਅਦ ਹੀ ਉਕਤ ਪੱਤਰਕਾਰ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਇਸ ਘਟਨਾਕ੍ਰਮ ਤੋਂ ਬਾਅਦ ਇੱਥੇ ਮੀਡੀਆ ਜਗਤ ਵਿਚ ਘਬਰਾਹਟ ਫੈਲ ਗਈ, ਕਿਉਂਕਿ ਇਸ ਪ੍ਰੈੱਸ ਕਾਨਫਰੰਸ ਵਿਚ ਦੇਸ਼ ਅਤੇ ਪ੍ਰਦੇਸ਼ ਦੇ ਕਈ ਮੀਡੀਆ ਕਰਮਚਾਰੀ, ਨੇਤਾ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ। ਦੱਸ ਦੇਈਏ ਕਿ ਪ੍ਰਦੇਸ਼ ਵਿਚ ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਤਕ ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨਾਲ ਪੀੜਤ 33 ਮਰੀਜ਼ ਪਾਏ ਗਏ ਹਨ। 

ਇਹ ਵੀ ਪੜ੍ਹੋ : CM ਕਮਲਨਾਥ ਦੀ ਪ੍ਰੈੱਸ ਕਾਨਫਰੰਸ 'ਚ ਸ਼ਾਮਲ ਪੱਤਰਕਾਰ ਦੀ ਬੇਟੀ ਨੂੰ ਕੋਰੋਨਾ ਵਾਇਰਸ


author

Tanu

Content Editor

Related News