ਟਰੂਡੋ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਭਾਰਤ ਨੂੰ ਸਬੂਤ ਨਾ ਦੇਣ ਦੀ ਗੱਲ ਕਬੂਲੀ

Thursday, Oct 17, 2024 - 05:33 AM (IST)

ਟਰੂਡੋ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਭਾਰਤ ਨੂੰ ਸਬੂਤ ਨਾ ਦੇਣ ਦੀ ਗੱਲ ਕਬੂਲੀ

ਨੈਸ਼ਨਲ ਡੈਸਕ- ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਤਣਾਅ ਦੀਆਂ ਖਬਰਾਂ ਵਿਚਾਲੇ ਜਸਟਿਨ ਟਰੂਡੋ ਦਾ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਟਰੂਡੋ ਨੇ ਮੰਨਿਆ ਕਿ ਉਨ੍ਹਾਂ ਨੇ ਨਿੱਝਰ ਦੇ ਕਤਲ ਨਾਲ ਸਬੰਧਤ ਸਬੂਤ ਭਾਰਤ ਨੂੰ ਨਹੀਂ ਦਿੱਤੇ ਸਨ। ਟਰੂਡੋ ਨੇ ਮੰਨਿਆ ਕਿ ਉਨ੍ਹਾਂ ਨੇ ਨਿੱਝਰ ਕਤਲਕਾਂਡ ਨਾਲ ਸਬੰਧਤ ਸਿਰਫ ਖੁਫੀਆ ਜਾਣਕਾਰੀ ਭਾਰਤ ਨੂੰ ਸੌਂਪੀ ਸੀ। ਟਰੂਡੋ ਦਾ ਇਹ ਇਕਬਾਲੀਆ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਇਕ ਪਾਸੇ ਕੈਨੇਡਾ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਉਸ ਨੇ ਨਿੱਝਰ ਕਤਲਕਾਂਡ ਨਾਲ ਸਬੰਧਤ ਸਬੂਤ ਭਾਰਤ ਨੂੰ ਦਿੱਤੇ ਸਨ। ਭਾਰਤ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਕੈਨੇਡਾ ਨੇ ਨਿੱਝਰ ਦੇ ਕਤਲ ਨਾਲ ਸਬੰਧਤ ਕੋਈ ਸਬੂਤ ਨਹੀਂ ਦਿੱਤਾ ਹੈ।

ਦੱਸ ਦਈਏ ਕਿ ਪਿਛਲੇ ਸਾਲ ਕੈਨੇਡਾ 'ਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਇਸ ਘਟਨਾ 'ਚ ਕੈਨੇਡਾ ਦੀ ਸਰਕਾਰ 'ਤੇ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੁਣ ਕਿਸੇ ਤੋਂ ਲੁਕਿਆ ਨਹੀਂ ਹੈ। ਦੋਵਾਂ ਦੇਸ਼ਾਂ ਨੇ ਇਕ-ਦੂਜੇ ਦੇ 6 ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ।

ਟਰੂਡੋ ਦਾ ਵੱਡਾ ਕਬੂਲਨਾਮਾ

ਦਰਅਸਲ, ਟਰੂਡੋ ਨੇ ਹੁਣ ਮੰਨਿਆ ਹੈ ਕਿ ਉਨ੍ਹਾਂ ਨੇ ਨਿੱਝਰ ਦੇ ਕਤਲ 'ਤੇ ਭਾਰਤ ਨੂੰ ਅਸਲ ਸਬੂਤ ਨਹੀਂ ਦਿੱਤੇ ਸਨ। ਉਨ੍ਹਾਂ ਮੰਨਿਆ ਕਿ ਕੈਨੇਡਾ ਨੇ ਨਿੱਝਰ ਦੇ ਕਤਲ ਦਾ ਜਨਤਕ ਤੌਰ 'ਤੇ ਭਾਰਤ 'ਤੇ ਦੋਸ਼ ਲਗਾਉਣ ਤੋਂ ਪਹਿਲਾਂ ਸਿਰਫ ਖੁਫੀਆ ਜਾਣਕਾਰੀ ਦਿੱਤੀ ਸੀ ਪਰ ਇਸ ਸਬੰਧੀ ਕੋਈ ਸਬੂਤ ਨਹੀਂ ਦਿੱਤਾ ਗਿਆ।

ਟਰੂਡੋ ਨੇ ਕਿਹਾ ਕਿ ਮੈਂ ਜੀ-20 ਵਿੱਚ ਇਹ ਮੁੱਦਾ ਪੀ.ਐੱਮ ਮੋਦੀ ਕੋਲ ਉਠਾਇਆ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੋਦੀ ਨੇ ਮੈਨੂੰ ਕਿਹਾ ਕਿ ਕੈਨੇਡਾ ਵਿਚ ਬਹੁਤ ਸਾਰੇ ਲੋਕ ਭਾਰਤ ਸਰਕਾਰ ਦੇ ਖਿਲਾਫ ਬੋਲਦੇ ਹਨ ਅਤੇ ਉਹ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਦੇਖਣਾ ਚਾਹੁੰਦੇ ਹਨ।

ਭਾਰਤ ਨੇ ਸਬੂਤ ਨਾ ਦੇਣ ਦੀ ਕਹੀ ਸੀ ਗੱਲ

ਭਾਰਤੀ ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕੈਨੇਡੀਅਨ ਸਰਕਾਰ 'ਤੇ ਦੋਸ਼ਾਂ ਦੇ ਸਬੂਤ ਸਾਂਝੇ ਨਾ ਕਰਨ ਦੀ ਗੱਲ ਆਖੀ ਸੀ। ਭਾਰਤ ਨੇ ਟਰੂਡੋ 'ਤੇ ਸਿਆਸੀ ਫਾਇਦੇ ਲਈ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਦੇ ਬਾਵਜੂਦ ਕੈਨੇਡਾ ਨੇ ਨਿੱਝਰ ਦੇ ਕਤਲ 'ਚ ਭਾਰਤ ਦੀ ਸ਼ਮੂਲੀਅਤ ਦਾ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ।


author

Rakesh

Content Editor

Related News