200 ਤੋਂ ਵੱਧ ਕੈਨੇਡੀਅਨ ਕਾਲਜਾਂ ਵੱਲੋਂ ਕੀਤੀ ਜਾ ਰਹੀ ਭਾਰਤੀਆਂ ਦੀ ਤਸਕਰੀ! ਜਾਂਚ ਸ਼ੁਰੂ
Thursday, Dec 26, 2024 - 04:02 PM (IST)
ਵੈੱਬ ਡੈਸਕ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕੈਨੇਡਾ ਦੇ 200 ਤੋਂ ਵੱਧ ਕਾਲਜਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ 'ਤੇ ਭਾਰਤੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੇ ਰੈਕੇਟ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਇਸ ਰੈਕੇਟ ਰਾਹੀਂ ਕਈ ਭਾਰਤੀਆਂ ਨੂੰ ਅਮਰੀਕਾ ਪਹੁੰਚਣ ਲਈ ਕੈਨੇਡੀਅਨ ਕਾਲਜਾਂ 'ਚ ਦਾਖ਼ਲਾ ਦਿਵਾਇਆ ਗਿਆ, ਜਦੋਂ ਕਿ ਉਹ ਅਸਲ ਵਿੱਚ ਕਦੇ ਵੀ ਇਨ੍ਹਾਂ ਕਾਲਜਾਂ 'ਚ ਨਹੀਂ ਗਏ। ਈਡੀ ਨੇ ਇਸ ਮਾਮਲੇ 'ਚ 10 ਤੇ 19 ਦਸੰਬਰ ਨੂੰ ਮੁੰਬਈ, ਨਾਗਪੁਰ, ਗਾਂਧੀਨਗਰ ਅਤੇ ਵਡੋਦਰਾ 'ਚ ਅੱਠ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ ਅਤੇ 19 ਲੱਖ ਰੁਪਏ ਦੇ ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਸੀ। ਕਈ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਡਿਵਾਈਸ ਅਤੇ ਦੋ ਵਾਹਨ ਵੀ ਜ਼ਬਤ ਕੀਤੇ ਗਏ ਹਨ।
ਇਹ ਮਾਮਲਾ 19 ਜਨਵਰੀ 2022 ਨੂੰ ਕੈਨੇਡਾ ਦੀ ਸਰਹੱਦ ਪਾਰ ਕਰ ਰਹੇ ਗੁਜਰਾਤ ਦੇ ਡਿੰਗਚਾ ਪਿੰਡ ਦੇ ਚਾਰ ਲੋਕਾਂ ਦੀ ਮੌਤ ਨਾਲ ਸਬੰਧਤ ਹੈ। ਕੈਨੇਡਾ ਤੋਂ ਅਮਰੀਕਾ ਜਾਂਦੇ ਸਮੇਂ ਗੈਰ-ਕਾਨੂੰਨੀ ਢੰਗ ਨਾਲ ਜਾਂਦੇ ਸਮੇਂ ਅੱਤ ਦੀ ਠੰਡ 'ਚ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ। ਈਡੀ ਅਨੁਸਾਰ ਇਸ ਰੈਕੇਟ ਦੇ ਮੈਂਬਰ ਪਹਿਲਾਂ ਭਾਰਤੀਆਂ ਨੂੰ ਕੈਨੇਡਾ ਦੇ ਕਾਲਜਾਂ ਵਿੱਚ ਦਾਖ਼ਲਾ ਦਿਵਾਉਂਦੇ ਸਨ ਅਤੇ ਫਿਰ ਉਨ੍ਹਾਂ ਲਈ ਕੈਨੇਡਾ ਦੇ ਵਿਦਿਆਰਥੀ ਵੀਜ਼ੇ ਲਈ ਅਪਲਾਈ ਕਰਦੇ ਸਨ। ਪਰ, ਇਨ੍ਹਾਂ ਵਿਦਿਆਰਥੀਆਂ ਨੇ ਕਦੇ ਵੀ ਕਾਲਜਾਂ ਵਿੱਚ ਦਾਖਲਾ ਨਹੀਂ ਲਿਆ। ਇਸ ਦੀ ਬਜਾਏ, ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ-ਅਮਰੀਕਾ ਸਰਹੱਦ ਪਾਰੋਂ ਤਸਕਰੀ ਕੀਤਾ ਗਿਆ। ਅਮਰੀਕਾ ਪਹੁੰਚ ਕੇ ਇਨ੍ਹਾਂ ਵਿਦਿਆਰਥੀਆਂ ਤੋਂ ਇਕੱਠੇ ਕੀਤੇ ਪੈਸੇ ਕੈਨੇਡੀਅਨ ਕਾਲਜਾਂ ਦੇ ਖਾਤਿਆਂ 'ਚ ਵਾਪਸ ਭੇਜ ਦਿੱਤੇ ਗਏ।
ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਰੈਕੇਟ 'ਚ ਸ਼ਾਮਲ ਲੋਕ ਹਰ ਵਿਅਕਤੀ ਤੋਂ 55 ਤੋਂ 60 ਲੱਖ ਰੁਪਏ ਦੀ ਰਕਮ ਵਸੂਲਦੇ ਸਨ। ਇਸ ਦੇ ਲਈ ਵਿਦਿਆਰਥੀਆਂ ਨੂੰ ਵੱਖ-ਵੱਖ ਦੇਸ਼ਾਂ ਦੇ ਕਾਲਜਾਂ ਵਿਚ ਦਾਖਲ ਕਰਵਾ ਕੇ ਅਤੇ ਉਨ੍ਹਾਂ ਦਾ ਵੀਜ਼ਾ ਲਗਵਾ ਕੇ ਪੈਸਾ ਕਮਾਇਆ ਜਾਂਦਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਰੈਕੇਟ ਸਿਰਫ਼ ਕੁਝ ਕਾਲਜਾਂ ਤੱਕ ਸੀਮਤ ਨਹੀਂ ਸੀ। ਗੁਜਰਾਤ ਵਿੱਚ ਤਕਰੀਬਨ 1700 ਏਜੰਟ ਇਸ ਕੇਸ ਵਿੱਚ ਸ਼ਾਮਲ ਸਨ ਅਤੇ ਲਗਭਗ 3500 ਏਜੰਟ ਪੂਰੇ ਭਾਰਤ ਵਿੱਚ ਸਰਗਰਮ ਸਨ। ਇਨ੍ਹਾਂ ਵਿੱਚੋਂ 800 ਦੇ ਕਰੀਬ ਏਜੰਟ ਵਿਸ਼ੇਸ਼ ਤੌਰ ’ਤੇ ਸਰਗਰਮ ਸਨ। ਈਡੀ ਨੇ ਇਹ ਵੀ ਖੁਲਾਸਾ ਕੀਤਾ ਕਿ ਕੈਨੇਡਾ ਦੇ 112 ਕਾਲਜਾਂ ਨੇ ਇਸ ਰੈਕੇਟ ਨਾਲ ਜੁੜੇ ਏਜੰਟਾਂ ਨਾਲ ਸਮਝੌਤਾ ਕੀਤਾ ਸੀ। ਨਾਲ ਹੀ 150 ਤੋਂ ਵੱਧ ਹੋਰ ਕਾਲਜਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਕਾਲਜਾਂ ਬਾਰੇ ਅਜੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।