ਭਾਰਤ ’ਚ 10 ਲੱਖ ਲੋਕਾਂ ਲਈ 50 ਜੱਜਾਂ ਦੀ ਲੋੜ : ਜਸਟਿਸ ਓਕਾ

Wednesday, Jan 04, 2023 - 11:48 AM (IST)

ਪਾਲਘਰ (ਭਾਸ਼ਾ)- ਸੁਪਰੀਮ ਕੋਰਟ ਦੇ ਮਾਨਯੋਗ ਜੱਜ ਜਸਟਿਸ ਅਭੈ ਐਸ. ਓਕਾ ਨੇ ਕਿਹਾ ਹੈ ਕਿ ਭਾਰਤ ਨੂੰ ਪ੍ਰਤੀ 10 ਲੱਖ ਲੋਕਾਂ ਲਈ 50 ਜੱਜਾਂ ਦੀ ਲੋੜ ਹੈ ਪਰ ਮੌਜੂਦਾ ਸਮੇਂ ਵਿੱਚ ਇਹ ਅੰਕੜਾ ਸਿਰਫ 21 ਹੈ। ਇਸ ਕਾਰਨ ਪੈਂਡਿੰਗ ਕੇਸਾਂ ਦੀ ਗਿਣਤੀ ਵਧ ਰਹੀ ਹੈ।

ਜਸਟਿਸ ਓਕਾ ਨੇ ਕਿਹਾ ਕਿ ਸਮਾਜ ਦੇ ਮੈਂਬਰਾਂ ਨੂੰ ਉਨ੍ਹਾਂ ਸੰਸਥਾਵਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਜੋ ਅਪੰਗ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਖੇਤਰ ਵਿੱਚ ਕੰਮ ਕਰਦੀਆਂ ਹਨ।

ਉਹ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਵਾਡਾ ਵਿਖੇ ਨੇਤਰਹੀਣ ਬੱਚਿਆਂ ਅਤੇ ਹੋਰ ਵੱਖ-ਵੱਖ ਤੌਰ ’ਤੇ ਅਪੰਗ ਬੱਚਿਆਂ ਲਈ ਕੰਮ ਕਰਨ ਵਾਲੀ ਸੰਸਥਾ ‘ਸੋਬਤੀ’ ਵੱਲੋਂ ਆਪਣੀ 16ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਰਕਾਰ ਅਪਾਹਜ ਬੱਚਿਆਂ ਦੇ ਪਰਿਵਾਰਾਂ ਦੀ ਮਦਦ ਕਰਦੀ ਹੈ ਪਰ ਬਦਕਿਸਮਤੀ ਨਾਲ ਭਾਰਤ ਵਿੱਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ।

ਜਸਟਿਸ ਓਕਾ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾਗਤ ਦੇਖਭਾਲ ਦੀ ਅਣਹੋਂਦ ਵਿੱਚ ‘ਸੋਬਤੀ’ ਅਤੇ ਇਸ ਵਰਗੀਆਂ ਹੋਰ ਸੰਸਥਾਵਾਂ ਦੀ ਮਦਦ ਲਈ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇਸ਼ ਵਿੱਚ ‘ਜੱਜ ਆਬਾਦੀ ਅਨੁਪਾਤ’ ਬਾਰੇ ਵੀ ਗੱਲ ਕੀਤੀ।


Rakesh

Content Editor

Related News