ਹੁਣ ਜੇ.ਪੀ. ਨੱਢਾ ਸੰਭਾਲਣਗੇ ਭਾਜਪਾ ਦੀ ਵਾਗਡੋਰ, ਫਰਵਰੀ 'ਚ ਹੋਵੇਗੀ ਤਾਜਪੋਸ਼ੀ

Sunday, Jan 12, 2020 - 10:19 AM (IST)

ਹੁਣ ਜੇ.ਪੀ. ਨੱਢਾ ਸੰਭਾਲਣਗੇ ਭਾਜਪਾ ਦੀ ਵਾਗਡੋਰ, ਫਰਵਰੀ 'ਚ ਹੋਵੇਗੀ ਤਾਜਪੋਸ਼ੀ

ਨਵੀਂ ਦਿੱਲੀ—ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦਾ ਕਾਰਜਕਾਲ ਪਿਛਲੀ ਜਨਵਰੀ 'ਚ ਹੀ ਸਮਾਪਤ ਹੋ ਗਿਆ ਸੀ ਪਰ ਲੋਕ ਸਭਾ ਚੋਣਾਂ ਨੂੰ ਨੇੜੇ ਦੇਖਦੇ ਹੋਏ ਸ਼ਾਹ ਨੂੰ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਗਿਆ ਸੀ। ਲੋਕ ਸਭਾ ਚੋਣਾਂ ਅਤੇ ਇਸ ਤੋਂ ਬਾਅਦ ਸ਼ਾਹ ਦੇ ਬਤੌਰ ਗ੍ਰਹਿ ਮੰਤਰੀ ਮੋਦੀ ਮੰਤਰੀ ਮੰਡਲ 'ਚ ਸ਼ਾਮਲ ਹੋਣ ਤੋਂ ਬਾਅਦ ਜੇ.ਪੀ.ਨੱਢਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਹੁਣ ਚਰਚਾ ਹੈ ਕਿ ਜੇ.ਪੀ.ਨੱਢਾ ਹੀ ਪਾਰਟੀ ਦੇ ਅਗਲੇ ਪ੍ਰਧਾਨ ਹੋਣਗੇ। ਉਹ ਫਰਵਰੀ 'ਚ ਪਾਰਟੀ ਦੀ ਵਾਗਡੋਰ ਸੰਭਾਲ ਸਕਦੇ ਹਨ।

ਮਾਹਰਾਂ ਮੁਤਾਬਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ 'ਤੇ ਜੇ.ਪੀ. ਨੱਢਾ ਦੀ ਤਾਜਪੋਸ਼ੀ 19 ਫਰਵਰੀ ਨੂੰ ਹੋਵੇਗੀ। ਦੱਸਣਯੋਗ ਹੈ ਕਿ 19 ਫਰਵਰੀ ਤੱਕ ਭਾਜਪਾ ਦੀ 80 ਫੀਸਦੀ ਤੋਂ ਜ਼ਿਆਦਾ ਸੂਬਾ ਇਕਾਈਆਂ ਦੇ ਚੋਣ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਹੋਵੇਗੀ। ਮਾਹਰਾਂ ਅਨੁਸਾਰ ਜੇ.ਪੀ.ਨੱਢਾ 11ਵਾਂ ਪ੍ਰਧਾਨ ਬਣਨਾ ਤੈਅ ਹੈ।ਦਰਅਸਲ ਇਸ ਸਮੇਂ ਭਾਜਪਾ 'ਚ ਸੰਗਠਨ ਦੀਆਂ ਚੋਣਾਂ ਚੱਲ ਰਹੀਆਂ ਹਨ। ਪਾਰਟੀ ਦੇ ਸੰਵਿਧਾਨ ਮੁਤਾਬਕ 50 ਫੀਸਦੀ ਤੋਂ ਜ਼ਿਆਦਾ ਸੂਬਾ ਇਕਾਈਆਂ ਦੀਆਂ ਚੋਣਾਂ ਹੋ ਜਾਣ ਤੋਂ ਬਾਅਦ ਹੀ ਰਾਸ਼ਟਰੀ ਪ੍ਰਧਾਨ ਅਹੁਦੇ ਦੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਜੇ.ਪੀ. ਨੱਢਾ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ 'ਚ ਸਰਗਰਮ ਹਨ। ਉਹ ਵਿਦਿਆਰਥੀ ਜੀਵਨ ਤੋਂ ਅਖਿਲ ਭਾਰਤੀ ਪਰਿਸ਼ਦ ਨਾਲ ਜੁੜੇ ਅਤੇ ਸੰਗਠਨ 'ਚ ਵੱਖ-ਵੱਖ ਅਹੁਦਿਆਂ 'ਤੇ ਵੀ ਰਹੇ। ਪਹਿਲੀ ਵਾਰ ਨੱਢਾ ਸਾਲ 1993 'ਚ ਹਿਮਾਚਲ ਸਰਕਾਰ ਦੀ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸੀ। ਇਸ ਤੋਂ ਬਾਅਦ ਸੂਬਾ ਸਰਕਾਰ 'ਚ ਮੰਤਰੀ ਵੀ ਰਹੇ ਅਤੇ ਸੰਸਦ ਮੈਂਬਰ ਰਹਿੰਦੇ ਹੋਏ ਕੇਂਦਰ ਸਰਕਾਰ 'ਚ ਵੀ ਮੰਤਰੀ ਬਣੇ। ਅਮਿਤ ਸ਼ਾਹ ਦੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਅਤੇ ਸ਼ਾਹ ਰਾਸ਼ਟਰੀ ਅਹੁਦੇ 'ਤੇ ਬਣੇ ਰਹੇ।


author

Iqbalkaur

Content Editor

Related News