ਖੂਨ ਦਾ ਤਾਪਮਾਨ ਘਟਣ ਨਾਲ ਵਧਦਾ ਹੈ ਜੋੜਾਂ ਦਾ ਦਰਦ

12/15/2019 8:11:50 PM

ਲਖਨਊ (ਇੰਟ.)– ਸਰਦੀਆਂ ਆਉਂਦੇ ਹੀ ਬਜ਼ੁਰਗਾਂ ’ਚ ਜੋੜਾਂ ਦੇ ਦਰਦ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਜਿਵੇਂ-ਜਿਵੇਂ ਠੰਡ ਵਧਦੀ ਹੈ ਦਰਦ ’ਚ ਵੀ ਵਾਧਾ ਹੁੰਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਤਾਪਮਾਨ ’ਚ ਕਮੀ ਕਾਰਣ ਜੋੜਾਂ ਦੀਆਂ ਨਾੜੀਆਂ ਸੁੰਗੜਦੀਆਂ ਹਨ ਅਤੇ ਉਸ ਹਿੱਸੇ ’ਚ ਖੂਨ ਦਾ ਤਾਪਮਾਨ ਘੱਟ ਹੋ ਜਾਂਦਾ ਹੈ, ਜਿਸ ਕਾਰਣ ਜੋੜਾਂ ’ਚ ਅਕੜਾਅ ਹੋਣ ਦੇ ਨਾਲ ਦਰਦ ਹੋਣ ਲੱਗਦਾ ਹੈ। ਡਾਕਟਰਾਂ ਮੁਤਾਬਕ ਕੁਝ ਸਾਵਧਾਨੀਆਂ ਵਰਤ ਕੇ ਇਸ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ।
ਕਾਨਪੁਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਰਹੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਆਨੰਦ ਸਵਰੂਪ ਨੇ ਕਿਹਾ, ‘ਠੰਡ ਦੇ ਮੌਸਮ ’ਚ ਸਾਡੇ ਦਿਲ ਦੇ ਆਲੇ-ਦੁਆਲੇ ਖੂਨ ਦੀ ਗਰਮਾਹਟ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਕਾਰਣ ਸਰੀਰ ਦੇ ਹੋਰ ਹਿੱਸਿਆਂ ’ਚ ਖੂਨ ਦੀ ਸਪਲਾਈ ਘੱਟ ਹੋ ਜਾਂਦੀ ਹੈ। ਜਦੋਂ ਚਮੜੀ ਠੰਡੀ ਹੁੰਦੀ ਹੈ ਤਾਂ ਦਰਦ ਦਾ ਅਸਰ ਜ਼ਿਆਦਾ ਮਹਿਸੂਸ ਹੁੰਦਾ ਹੈ। ਇਸ ਦਰਦ ਨੂੰ ਵਿਗਿਆਨੀ ਭਾਸ਼ਾ ’ਚ ਆਰਥੋਰਾਈਟਿਸ ਕਿਹਾ ਜਾਂਦਾ ਹੈ।’
40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁੰਦੈ ਆਰਥੋਰਾਈਟਿਸ
ਉਨ੍ਹਾਂ ਕਿਹਾ, ‘ਆਰਥੋਰਾਈਟਿਸ ਆਮ ਤੌਰ ’ਤੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਇਨ੍ਹਾਂ ’ਚ ਵੀ ਖਾਸਕਰ ਔਰਤਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ਕਿਉਂਕਿ ਪੂਰੇ ਸਰੀਰ ਦਾ ਭਾਰ ਗੋਡੇ ਚੁੱਕਦੇ ਹਨ, ਇਸ ਲਈ ਆਰਥੋਰਾਈਟਿਸ ਦੀ ਸਮੱਸਿਆ ਕਾਰਣ ਇਨ੍ਹਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪੈਂਦਾ ਹੈ।’ ਡਾਕਟਰ ਨੇ ਅੱਗੇ ਕਿਹਾ, ‘‘ਰੂਮੇਟਾਈਡ ਆਰਥੋਰਾਈਟਿਸ ’ਚ ਜੋੜਾਂ ਦੇ ਨਾਲ ਕੁਝ ਦੂਸਰੇ ਹਿੱਸੇ ਜਾਂ ਪੂਰਾ ਸਰੀਰ ਵੀ ਪ੍ਰਭਾਵਿਤ ਹੁੰਦਾ ਹੈ। ਹੱਥ-ਪੈਰਾਂ ਦੇ ਜੋੜਾਂ ’ਚ ਦਰਦ, ਸੋਜ, ਟੇਢਾਪਨ, ਮਾਸਪੇਸ਼ੀਆਂ ’ਚ ਕਮਜ਼ੋਰੀ ਤੇ ਬੁਖਾਰ ਆਦਿ ਇਸ ਦੇ ਲੱਛਣ ਹਨ।’’
ਰੈਗੂਲਰ ਕਸਰਤ ਨਾਲ ਜੋੜਾਂ ਦੀ ਚਿਕਨਾਹਟ ਰਹਿੰਦੀ ਹੈ ਬਰਕਰਾਰ
ਆਨੰਦ ਸਵਰੂਪ ਨੇ ਕਿਹਾ ਕਿ ‘ਉਮਰ ਦੇ ਨਾਲ ਹੱਡੀਆਂ ਨਾਲ ਕੈਲਸ਼ੀਅਮ ਅਤੇ ਹੋਰ ਖਣਿਜ ਪਦਾਰਥ ਖੁਰਨ ਲੱਗਦੇ ਹਨ। ਕਿਸੇ ਵੀ ਜੋੜ ’ਚ ਹੱਡੀਆਂ ਆਪਸੀ ਸੰਪਰਕ ’ਚ ਨਹੀਂ ਆਉਂਦੀਆਂ। ਜੋੜਾਂ ਦੇ ਵਿਚ ਇਕ ਕਾਰਟੀਲੇਜ ਦਾ ਕੁਸ਼ਨ ਹੁੰਦਾ ਹੈ। ਜਿਵੇਂ ਹੀ ਅਸੀਂ ਬੁੱਢੇ ਹੋਣ ਲੱਗਦੇ ਹਾਂ ਕੁਸ਼ਨ ਨੂੰ ਲਚਕੀਲਾ ਅਤੇ ਚਿਕਨਾਪਨ ਬਣਾਈ ਰੱਖਣ ਵਾਲਾ ਲੁਬਰੀਕੈਂਟ ਘੱਟ ਹੋਣ ਲੱਗਦਾ ਹੈ। ਲਿਗਾਮੈਂਟਸ ਦੀ ਲੰਬਾਈ ਅਤੇ ਲਚਕੀਲਾਪਨ ਵੀ ਘੱਟ ਹੋ ਜਾਂਦਾ ਹੈ, ਜਿਸ ਕਾਰਣ ਜੋੜਾਂ ’ਚ ਅਕੜਾਅ ਆ ਜਾਂਦਾ ਹੈ। ਰੈਗੂਲਰ ਕਸਰਤ ਅਤੇ ਪੌਸ਼ਟਿਕ ਆਹਾਰ ਲੈਣ ਨਾਲ ਤੁਸੀਂ ਜੋੜਾਂ ਦੀ ਚਿਕਨਾਹਟ ਨੂੰ ਬਰਕਰਾਰ ਰੱਖ ਸਕਦੇ ਹੋ।’
ਸਵੇਰ ਦੀ ਕੋਸੀ ਧੁੱਪ ਵਿਟਾਮਿਨ ਡੀ ਦਾ ਸਰੋਤ
ਸਵੇਰ ਦੀ ਕੋਸੀ ਧੁੱਪ ਨੂੰ ਵਿਟਾਮਿਨ ਡੀ ਦਾ ਇਕ ਸਰੋਤ ਮੰਨਿਆ ਜਾਂਦਾ ਹੈ। ਕਈ ਖੋਜਾਂ ’ਚ ਇਹ ਗੱਲ ਸਿੱਧ ਹੋ ਚੁੱਕੀ ਹੈ। ਠੰਡ ਦੇ ਦਿਨਾਂ ’ਚ ਜੇਕਰ ਵਿਟਾਮਿਨ ਡੀ ਦੀ ਭਰਪੂਰ ਖੁਰਾਕ ਲਈ ਜਾਵੇ ਤਾਂ ਕਮਰ ਦਰਦ ਅਤੇ ਜੋੜਾਂ ਦੇ ਦਰਦ ’ਚ ਕਾਫੀ ਆਰਾਮ ਮਿਲਦਾ ਹੈ। ਧੁੱਪ ਸਾਡੇ ਸਰੀਰ ਦੀ ਰੋਗ ਰੋਕੂ ਸਮਰੱਥਾ ਵੀ ਵਧਾਉਂਦੀ ਹੈ। ਧੁੱਪ ’ਚ ਬੈਠਣ ਨਾਲ ਖੂਨ ਦੌਰਾ ਕਰਦਾ ਹੈ ਤੇ ਜੋੜਾਂ ਦੇ ਦਰਦ ਤੋਂ ਮੁਕਤੀ ਮਿਲਦੀ ਹੈ। ਜੋੜਾਂ ਦੇ ਦਰਦ ’ਚ ਮਹੱਤਵਪੂਰਨ ਆਸਣ ਜਾਂ ਯੋਗ, ਜਿਵੇਂ ਕਿ ਗਿੱਧਾਸਨ ਤੇ ਪ੍ਰਾਣਾਯਾਮ ਮਦਦ ਕਰਦੇ ਹਨ। ਲਗਾਤਾਰ ਕਈ ਘੰਟਿਆਂ ਤਕ ਹੀ ਕੁਰਸੀ ਅਤੇ ਕੰਪਿਊਟਰ ਦੇ ਅੱਗੇ ਬੈਠੇ-ਬੈਠੇ ਤੁਹਾਡੇ ਜੋੜ ਅਕੜ ਜਾਂਦੇ ਹਨ, ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਜੋੜਾਂ ਲਈ ਥੋੜ੍ਹਾ ਸਮਾਂ ਕੱਢੋ।
ਖਾਣ-ਪੀਣ, ਮਾਰਨਿੰਗ ਵਾਕ, ਕੁਝ ਆਸਣ ਤੇ ਕਸਰਤ ਜੋੜਾਂ ਨੂੰ ਮਜ਼ਬੂਤ ਰੱਖਣ ’ਚ ਮਦਦ ਕਰ ਸਕਦੇ ਹਨ। ਮਰੀਜ਼ ਮਾਹਿਰ ਦੀ ਦੇਖ-ਰੇਖ ’ਚ ਹੀ ਐਕਸਰਸਾਈਜ਼ ਅਤੇ ਯੋਗ ਕਰਨ। ਆਫਿਸ ’ਚ ਹਰ ਅੱਧੇ ਘੰਟੇ ਜਾਂ ਇਕ ਘੰਟੇ ’ਚ ਸੀਟ ਛੱਡ ਕੇ 7 ਮਿੰਟ ਲਈ ਘੁੰਮੋ-ਫਿਰੋ। ਸਰੀਰ ਨੂੰ ਸਟ੍ਰੈੱਚ ਕਰੋ। ਔਰਤਾਂ ਉੱਚੀ ਹੀਲ ਦੀ ਸੈਂਡਲ ਪਹਿਨਣ ਤੋਂ ਬਚਣ। ਇਸ ਨਾਲ ਅੱਡੀ, ਗੋਡੇ ਅਤੇ ਪਿੰਨੀਆਂ ਦੇ ਨਾਲ ਕਮਰ ’ਤੇ ਵੀ ਅਸਰ ਪੈਂਦਾ ਹੈ। -ਡਾ. ਆਨੰਦ ਸਵਰੂਪ, ਸਾਬਕਾ ਪ੍ਰਿੰਸੀਪਲ, ਕਾਨਪੁਰ ਮੈਡੀਕਲ ਕਾਲਜ\


Sunny Mehra

Content Editor

Related News