ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ, ਪੁੱਤ ਨੇ ਮਾਰ''ਤਾ ਪਿਓ
Monday, Oct 06, 2025 - 12:31 PM (IST)

ਤਰਨਤਾਰਨ (ਰਮਨ ਚਾਵਲਾ)- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਬਹਾਦਰ ਨਗਰ ਵਿਖੇ ਦਿਲ ਨੂੰ ਦਹਿਲਾਉਣ ਵਾਲੀ ਅਤੇ ਖੂਨ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੀ ਘਟਨਾ, ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮੰਡੀ ਵਿਚ ਝੋਨੇ ਦੀ ਫਸਲ ਲਿਜਾਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਬੇਟੇ ਵੱਲੋਂ ਆਪਣੇ ਬਜ਼ੁਰਗ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਵਾਰਦਾਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਐਤਵਾਰ ਤੜਕਸਾਰ ਬਿਨਾਂ ਪੁਲਸ ਨੂੰ ਸੂਚਨਾ ਦਿੱਤੇ ਮ੍ਰਿਤਕ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਇਸ ਵਾਰਦਾਤ ਦੀ ਸੂਚਨਾ ਪੁਲਸ ਨੂੰ ਮਿਲਣ ਤੋਂ ਬਾਅਦ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਸਮੇਤ ਪੁਲਸ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 6, 7 ਤੇ 8 ਅਕਤੂਬਰ ਤੱਕ ਜਾਰੀ ਹੋਏ ਵੱਡੇ ਹੁਕਮ, ਇਹ ਦੁਕਾਨਾਂ ਰਹਿਣਗੀਆਂ ਬੰਦ
ਜਾਣਕਾਰੀ ਦੇ ਅਨੁਸਾਰ ਬੀਤੇ ਕੱਲ ਸ਼ਾਮ ਸੁਖਵੰਤ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਪਿੰਡ ਬਹਾਦਰ ਨਗਰ ਆਪਣੇ ਘਰ ਵਿਚ ਪਰਿਵਾਰ ਸਮੇਤ ਮੌਜੂਦ ਸਨ ਤਾਂ ਮੰਡੀ ਵਿਚ ਝੋਨੇ ਦੀ ਫਸਲ ਨੂੰ ਭੇਜਣ ਸਬੰਧੀ ਉਸਦੇ ਬੇਟੇ ਸਤਵਿੰਦਰ ਸਿੰਘ ਦਾ ਪਿਤਾ ਸੁਖਵੰਤ ਸਿੰਘ ਨਾਲ ਤਕਰਾਰ ਹੋ ਗਿਆ। ਜਦੋਂ ਪਿਤਾ ਸੁਖਵੰਤ ਸਿੰਘ ਆਪਣੀ ਰਾਈਫਲ ਨਾਲ ਬੇਟੇ ਉਪਰ ਗੋਲੀ ਚਲਾਉਣ ਲੱਗਾ ਤਾਂ ਬੇਟੇ ਵੱਲੋਂ ਬਚਾਓ ਕਰਦੇ ਹੋਏ ਦੁਨਾਲੀ ਨੂੰ ਪਿੱਛੇ ਹਟਾਉਣ ਦੀ ਕੀਤੀ ਕੋਸ਼ਿਸ਼ ਦੌਰਾਨ ਗੋਲੀ ਉਸਦੇ ਪਿਤਾ ਨੂੰ ਜਾ ਲੱਗੀ। ਜ਼ਖ਼ਮੀ ਹਾਲਤ ਵਿਚ ਤੁਰੰਤ ਸੁਖਵੰਤ ਸਿੰਘ ਨੂੰ ਕਿਸੇ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਸੁਖਵੰਤ ਸਿੰਘ ਦੀ ਮ੍ਰਿਤਕ ਦੇਹ ਨੂੰ ਆਪਣੇ ਘਰ ਲੈ ਆਏ ਅਤੇ ਪਰਿਵਾਰਕ ਮਾਮਲਾ ਹੋਣ ਦੇ ਚੱਲਦਿਆਂ ਉਸ ਦਾ ਐਤਵਾਰ ਤੜਕਸਾਰ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਇਸ ਗੱਲ ਦੀ ਜਦੋਂ ਸੂਚਨਾ ਪੁਲਸ ਨੂੰ ਮਿਲੀ ਤਾਂ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਸਮੇਤ ਥਾਣਾ ਵਲਟੋਹਾ ਦੀ ਪੁਲਸ ਸਣੇ ਮੌਕੇ ’ਤੇ ਘਰ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਵੰਤ ਸਿੰਘ ਜੋ ਸਾਬਕਾ ਫੌਜੀ ਹੈ ਅਤੇ ਬੀਤੇ ਕੱਲ ਸ਼ਾਮ ਸ਼ਰਾਬੀ ਹਾਲਤ ਵਿਚ ਮੌਜੂਦ ਸੀ। ਜਿਸਦੇ ਚੱਲਦਿਆਂ ਝੋਨੇ ਦੀ ਫਸਲ ਨੂੰ ਮੰਡੀ ਵਿਚ ਛੱਡਣ ਨੂੰ ਲੈ ਕੇ ਪਿਓ-ਪੁੱਤਰ ਵਿਚ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਜਸਬੀਰ ਕੌਰ ਦੇ ਬਿਆਨਾਂ ਹੇਠ ਬੇਟੇ ਸਤਵਿੰਦਰ ਸਿੰਘ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਵਿਚ ਲੱਗੇ ਡੀ.ਵੀ.ਆਰ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ। ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਵਿਚ ਜੋ ਲੋਕ ਸ਼ਾਮਲ ਸਨ, ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਇਸ ਜ਼ਿਲ੍ਹੇ ਦੇ 35 ਸਕੂਲਾਂ ਨੂੰ ਕੀਤਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8