ਚੀਨ ਨਾਲ ਲੱਗਦੀ ਸਰਹੱਦ ’ਤੇ ਭਾਰਤ ਨੇ ਵਧਾਈ ਫੌਜੀ ਤਿਆਰੀ, ਫੌਜ-ਆਸਾਮ ਰਾਈਫਲਜ਼ ਦਾ ਸਾਂਝਾ ਅਭਿਆਸ
Saturday, Dec 27, 2025 - 10:00 PM (IST)
ਈਟਾਨਗਰ, (ਭਾਸ਼ਾ)- ਚੀਨ ਦੀ ਸਰਹੱਦ ਨਾਲ ਲੱਗਦੇ ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਜ਼ਿਲੇ ਵਿਚ ਭਾਰਤੀ ਫੌਜ ਅਤੇ ਆਸਾਮ ਰਾਈਫਲਜ਼ ਨੇ ਸ਼ੁੱਕਰਵਾਰ ਨੂੰ ਹੈਲੀਕਾਪਟਰ ਰਾਹੀਂ ਫੌਜਾਂ ਦੀ ਤੁਰੰਤ ਤਾਇਨਾਤੀ ਦਾ ਇਕ ਸਾਂਝਾ ਅਭਿਆਸ ਕੀਤਾ।
ਇਸ ਅਭਿਆਸ ਦਾ ਉਦੇਸ਼ ਮੁਸ਼ਕਲ ਅਤੇ ਦੂਰ-ਦੁਰਾਡੇ ਖੇਤਰਾਂ ਵਿਚ ਤੁਰੰਤ ਤਾਇਨਾਤੀ ਸਮਰੱਥਾ ਦੀ ਜਾਂਚ ਕਰਨਾ ਅਤੇ ਚੀਨ ਨਾਲ ਲੱਗਦੀ ਸਰਹੱਦ ’ਤੇ ਭਾਰਤ ਦੀ ਸੰਚਾਲਨ ਤਿਆਰੀ ਨੂੰ ਮਜ਼ਬੂਤ ਕਰਨਾ ਸੀ। ਅਭਿਆਸ ਦੌਰਾਨ, ਅਜਿਹੇ ਜਵਾਨਾਂ ਨੂੰ ਬੇਹੱਦ ਘੱਟ ਸਮੇਂ ਵਿਚ ਇਕ ਕਾਲਪਨਿਕ ਮੁਹਿੰਮ ਖੇਤਰ ਵਿਚ ਉਤਾਰਿਆ ਗਿਆ, ਜੋ ਪਹਿਲਾਂ ਤੋਂ ਹੀ ਉੱਚਾਈ, ਮੌਸਮ ਅਤੇ ਮੁਸ਼ਕਲ ਭੂਗੋਲਿਕ ਸਥਿਤੀਆਂ ਦੇ ਅਨੁਕੂਲ ਸਨ ਤਾਂ ਜੋ ਉਹ ਉਤਰਦੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕਰ ਸਕਣ।
ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਦੱਸਿਆ ਕਿ ਅਭਿਆਸ ਵਿਚ ਰਫਤਾਰ, ਤਾਲਮੇਲ ਅਤੇ ਸਟੀਕਤਾ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਅਤੇ ਇਸਨੂੰ ਲੱਗਭਗ ਅਸਲ ਹਾਲਾਤ ਵਿਚ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਮੁਤਾਬਕ, ਇਸ ਅਭਿਆਸ ਨੇ ਮੁਸ਼ਕਲ ਭੂਗੋਲਿਕ ਹਾਲਤ ਵਿਚ ਤੇਜ਼ੀ ਅਤੇ ਕੁਸ਼ਲਤਾ ਨਾਲ ਜਵਾਨਾਂ ਦੀ ਤਾਇਨਾਤੀ ਦੀ ਫੌਜ ਦੀ ਸਮਰੱਥਾ ਨੂੰ ਉਜਾਗਰ ਕੀਤਾ। ਇਸ ਸਾਂਝੇ ਅਭਿਆਸ ਨੇ ਆਸਾਮ ਰਾਈਫਲਜ਼ ਅਤੇ ਫੌਜ ਵਿਚਕਾਰ ਤਾਲਮੇਲ ਅਤੇ ਆਪਸੀ ਸਮਝ ਨੂੰ ਵੀ ਮਜ਼ਬੂਤ ਕੀਤਾ, ਜਿਸ ਨਾਲ ਉਨ੍ਹਾਂ ਦੀ ਸਮੁੱਚੀ ਸੰਚਾਲਨ ਸਮਰੱਥਾ ਵਿਚ ਵਾਧਾ ਹੋਇਆ।
