ਜੋਧਪੁਰ AIIMS ਦੇ ਰੈਜ਼ੀਡੈਂਟ ਡਾਕਟਰ ਨੇ ਖੁਦ ਨੂੰ ਇੰਜੈਕਸ਼ਨ ਲਗਾ ਕੀਤੀ ਖੁਦਕੁਸ਼ੀ

Wednesday, Sep 23, 2026 - 02:35 AM (IST)

ਜੋਧਪੁਰ AIIMS ਦੇ ਰੈਜ਼ੀਡੈਂਟ ਡਾਕਟਰ ਨੇ ਖੁਦ ਨੂੰ ਇੰਜੈਕਸ਼ਨ ਲਗਾ ਕੀਤੀ ਖੁਦਕੁਸ਼ੀ

ਜੋਧਪੁਰ : ਜੋਧਪੁਰ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਵਿੱਚ ਤਾਇਨਾਤ ਇੱਕ ਰੈਜ਼ੀਡੈਂਟ ਡਾਕਟਰ ਵੱਲੋਂ ਖੁਦ ਨੂੰ ਇੰਜੈਕਸ਼ਨ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਡਾਕਟਰ ਦੀ ਪਛਾਣ ਰਾਜਸਥਾਨ ਦੇ ਅਲਵਰ ਦੇ ਰਹਿਣ ਵਾਲੇ 31 ਸਾਲਾ ਡਾ. ਰਾਜ ਨਰੇਸ਼ ਯਾਦਵ ਵਜੋਂ ਹੋਈ ਹੈ, ਜੋ ਕਿ ਐਨੀਸਥੀਸੀਆ ਵਿਭਾਗ ਵਿੱਚ ਪਹਿਲੇ ਸਾਲ ਦੇ ਰੈਜ਼ੀਡੈਂਟ ਡਾਕਟਰ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਰਾਜ ਨਰੇਸ਼ ਮੰਗਲਵਾਰ (22 ਸਤੰਬਰ) ਨੂੰ ਆਪ੍ਰੇਸ਼ਨ ਥਿਏਟਰ (OT) ਵਿੱਚ ਡਿਊਟੀ 'ਤੇ ਸਨ। ਦੁਪਹਿਰ ਵੇਲੇ ਉਹ ਡਿਊਟੀ ਦੌਰਾਨ ਹੀ ਓ.ਟੀ. ਤੋਂ ਬਾਹਰ ਨਿਕਲੇ। ਜਦੋਂ ਲਗਭਗ ਡੇਢ ਤੋਂ ਦੋ ਘੰਟੇ ਤੱਕ ਉਹ ਵਾਪਸ ਨਹੀਂ ਪਰਤੇ, ਤਾਂ ਨਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਫੋਨ ਕੀਤਾ, ਪਰ ਫੋਨ ਦਾ ਕੋਈ ਜਵਾਬ ਨਹੀਂ ਮਿਲਿਆ।

ਡਾਕਟਰ ਦੀ ਭਾਲ ਕਰਦੇ ਹੋਏ ਸਾਥੀ ਡਾਕਟਰ ਓ.ਟੀ. ਕੰਪਲੈਕਸ ਦੇ ਬ੍ਰੇਕ ਰੂਮ ਵਿੱਚ ਗਏ। ਉੱਥੇ ਅੰਦਰੂਨੀ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫੀ ਦੇਰ ਖੜਕਾਉਣ ਤੋਂ ਬਾਅਦ ਵੀ ਜਦੋਂ ਕੋਈ ਆਵਾਜ਼ ਨਹੀਂ ਆਈ, ਤਾਂ ਡਾਕਟਰਾਂ ਨੇ ਦਰਵਾਜ਼ਾ ਤੋੜ ਦਿੱਤਾ, ਜਿੱਥੇ ਡਾ. ਰਾਜ ਨਰੇਸ਼ ਅਚੇਤ ਪਏ ਸਨ। ਸਾਥੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਸੀ.ਪੀ.ਆਰ. (CPR) ਅਤੇ ਐਮਰਜੈਂਸੀ ਇਲਾਜ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਬਾਸਨੀ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਰਚਰੀ ਵਿੱਚ ਰਖਵਾ ਦਿੱਤਾ। ਬਾਸਨੀ ਥਾਣਾ ਪ੍ਰਭਾਰੀ ਨਿਤਿਨ ਦਵੇ ਨੇ ਦੱਸਿਆ ਕਿ ਪ੍ਰਤੱਖ ਤੌਰ 'ਤੇ ਡਾਕਟਰ ਨੇ ਖੁਦ ਇੰਜੈਕਸ਼ਨ ਲਗਾ ਕੇ ਜਾਨ ਦਿੱਤੀ ਹੈ। ਕਿਹੜਾ ਇੰਜੈਕਸ਼ਨ ਵਰਤਿਆ ਗਿਆ ਸੀ, ਇਸ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

ਡਾ. ਰਾਜ ਨਰੇਸ਼ ਨੇ ਜੋਧਪੁਰ AIIMS ਤੋਂ ਹੀ ਐੱਮ.ਬੀ.ਬੀ.ਐੱਸ. (MBBS) ਕੀਤੀ ਸੀ। ਇਸ ਤੋਂ ਬਾਅਦ ਉਹ ਦਿੱਲੀ ਚਲੇ ਗਏ ਅਤੇ ਲਗਭਗ 4-5 ਸਾਲਾਂ ਦੇ ਵਕਫੇ (ਗੈਪ) ਤੋਂ ਬਾਅਦ ਉਨ੍ਹਾਂ ਨੇ ਪੀ.ਜੀ. ਦੀ ਪ੍ਰੀਖਿਆ ਪਾਸ ਕੀਤੀ। ਪਿਛਲੇ ਸਾਲ ਹੀ ਉਨ੍ਹਾਂ ਨੂੰ ਜੋਧਪੁਰ AIIMS ਵਿੱਚ ਐਨੀਸਥੀਸੀਆ ਵਿਭਾਗ ਵਿੱਚ ਸੀਟ ਮਿਲੀ ਸੀ। ਖੁਦਕੁਸ਼ੀ ਦੇ ਕਾਰਨਾਂ ਜਾਂ ਕਿਸੇ ਮਾਨਸਿਕ ਤਣਾਅ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
 


author

Inder Prajapati

Content Editor

Related News