ਨੌਕਰੀ ਲੱਭਣ ਦੇ ਚਾਹਵਾਨ ਬਜ਼ੁਰਗਾਂ ਲਈ ਸਰਕਾਰ ਸ਼ੁਰੂ ਕਰੇਗੀ ਆਨਲਾਈਨ ਜੌਬ ਪੋਰਟਲ
Wednesday, Mar 30, 2022 - 11:13 PM (IST)
ਨਵੀਂ ਦਿੱਲੀ : ਦੇਸ਼ 'ਚ ਬਜ਼ੁਰਗਾਂ ਦੇ ਬਿਹਤਰ ਜੀਵਨ ਪ੍ਰਬੰਧਨ ਲਈ ਭਾਰਤ ਸਰਕਾਰ ਵੱਲੋਂ ਬਿਰਧ ਆਸ਼ਰਮ ਤੇ ਹਸਪਤਾਲਾਂ 'ਚ ਜੇਰੀਏਟ੍ਰਿਕ ਵਾਰਡ ਬਣਾਏ ਗਏ ਹਨ। ਹੁਣ ਇਸ ਤੋਂ ਵੀ ਇਕ ਕਦਮ ਅੱਗੇ ਵੱਧਦਿਆਂ ਸਰਕਾਰ ਅਜਿਹੇ ਬਜ਼ੁਰਗਾਂ ਨੂੰ ਨੌਕਰੀ ਦੇਣ ਦੀ ਤਿਆਰੀ ਕਰ ਰਹੀ ਹੈ, ਜੋ ਸੇਵਾਮੁਕਤੀ ਤੋਂ ਬਾਅਦ ਕੁਸ਼ਲਤਾ ਨਾਲ ਨੌਕਰੀ ਕਰਨ ਦੇ ਇੱਛੁਕ ਹਨ। ਅਜਿਹੇ ਬਜ਼ੁਰਗਾਂ ਦੀ ਮਦਦ ਲਈ ਸਰਕਾਰ ਜਲਦ ਹੀ ਆਨਲਾਈਨ ਰੁਜ਼ਗਾਰ ਦਫ਼ਤਰ ਖੋਲ੍ਹਣ ਜਾ ਰਹੀ ਹੈ। ਭਾਰਤ ਸਰਕਾਰ ਨੌਕਰੀ ਦੇ ਮੌਕੇ ਲੱਭਣ ਵਾਲੇ ਸੀਨੀਅਰ ਨਾਗਰਿਕਾਂ ਲਈ ਆਪਣੀ ਕਿਸਮ ਦਾ ਪਹਿਲਾ ਆਨਲਾਈਨ ਰੁਜ਼ਗਾਰ ਐਕਸਚੇਂਜ ਪਲੇਟਫਾਰਮ ਲਿਆਈ ਹੈ। ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ (MoSJ&E) ਦੁਆਰਾ ਸ਼ੁਰੂ ਕੀਤੇ ਗਏ ਇਸ ਵਰਚੁਅਲ ਪਲੇਟਫਾਰਮ ਨੂੰ ਉਚਿਤ ਤੌਰ 'ਤੇ SACRED ਕਿਹਾ ਜਾਂਦਾ ਹੈ, ਜੋ ਯੋਗ ਸੀਨੀਅਰ ਨਾਗਰਿਕਾਂ ਲਈ ਸਨਮਾਨ ਵਿਚ ਮੁੜ-ਰੁਜ਼ਗਾਰ ਲਈ ਇਕ ਮੌਕਾ ਹੈ। ਪਲੇਟਫਾਰਮ 1 ਅਕਤੂਬਰ 2021 ਤੋਂ ਕਾਰਜਸ਼ੀਲ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਪਹਿਲੀ ਵਾਰ ਬਣਨਗੀਆਂ NRI ਲਈ ਵਿਸ਼ੇਸ਼ ਅਦਾਲਤਾਂ
ਇਕ ਵਾਰ ਪੋਰਟਲ ਲਾਈਵ ਹੋ ਜਾਣ ਤੋਂ ਬਾਅਦ ਇਕ ਸੀਨੀਅਰ ਨਾਗਰਿਕ ਸਿੱਖਿਆ, ਅਨੁਭਵ, ਹੁਨਰ ਅਤੇ ਦਿਲਚਸਪੀ ਦੇ ਖੇਤਰਾਂ ਬਾਰੇ ਜਾਣਕਾਰੀ ਦੇ ਨਾਲ ਰਜਿਸਟਰਡ ਕਰ ਸਕਦਾ ਹੈ। ਨੌਕਰੀ ਪ੍ਰਦਾਤਾ ਇਸ ਵਿਚ ਸ਼ਾਮਲ ਕੰਮ ਅਤੇ ਇਸ ਨੂੰ ਪੂਰਾ ਕਰਨ ਲਈ ਲੋੜੀਂਦੇ ਸੀਨੀਅਰ ਨਾਗਰਿਕਾਂ ਦੀ ਸੰਖਿਆ ਨਿਰਧਾਰਤ ਕਰਨਗੇ। ਇਹ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਇਨ੍ਹਾਂ ਨੌਕਰੀਆਂ ਲਈ ਬਿਨੈ ਕਰਨ ਵਿਚ ਸੀਨੀਅਰ ਨਾਗਰਿਕਾਂ ਦੀ ਮਦਦ ਕਰਨ ਲਈ ਸਵੈ-ਸੇਵੀ ਸੰਸਥਾਵਾਂ ਨੂੰ ਉਲੀਕਿਆ ਜਾਵੇ। ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਐਕਸਚੇਂਜ ਕਿਸੇ ਨੌਕਰੀ ਦੀ ਗਾਰੰਟੀ ਨਹੀਂ ਦਿੰਦਾ ਹੈ। ਇਸ ਪੋਰਟਲ ਨੂੰ ਬਜ਼ੁਰਗਾਂ ਦੀ ਆਬਾਦੀ 'ਚ ਲਗਾਤਾਰ ਵਾਧੇ ਦੇ ਪਿਛੋਕੜ ਵਿਚ ਅੱਗੇ ਵਧਣ ਦੇ ਰਾਹ ਵਜੋਂ ਦੇਖਿਆ ਜਾ ਰਿਹਾ ਹੈ। ਸੀਨੀਅਰ ਨਾਗਰਿਕਾਂ ਦੀ ਸੰਖਿਆ 1951 'ਚ ਲਗਭਗ 2 ਕਰੋੜ ਤੋਂ ਵੱਧ ਕੇ 2001 'ਚ 7.6 ਕਰੋੜ ਤੇ 2011 'ਚ ਲਗਭਗ 10.4 ਕਰੋੜ ਹੋ ਗਈ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਔਰਤਾਂ ਬਣੀਆਂ 2 ਕਰੋੜ ਘਰਾਂ ਦੀਆਂ ਮਾਲਕਣ : PM ਮੋਦੀ
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਨੁਸਾਰ ਮਜ਼ਬੂਤ ਇੱਛਾ ਸ਼ਕਤੀ ਵਾਲੇ ਅਜਿਹੇ ਸਾਰੇ ਬਜ਼ੁਰਗਾਂ ਨੂੰ ਰੁਜ਼ਗਾਰ ਦੇਣ ਦੀ ਯੋਜਨਾ 'ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੀ. ਆਈ. ਆਈ. ਤੇ ਫਿੱਕੀ ਵਰਗੀਆਂ ਸੰਸਥਾਵਾਂ ਦੇ ਨਾਲ-ਨਾਲ ਪ੍ਰਾਈਵੇਟ ਕੰਪਨੀਆਂ ਨੂੰ ਵੀ ਕੁਝ ਅਜਿਹੀਆਂ ਨੌਕਰੀਆਂ ਪੈਦਾ ਕਰਨ ਲਈ ਕਿਹਾ ਗਿਆ ਹੈ, ਜੋ ਬਜ਼ੁਰਗਾਂ ਲਈ ਢੁੱਕਵੀਆਂ ਹੋਣ। ਇਸ ਦੇ ਨਾਲ ਹੀ ਬਜ਼ੁਰਗਾਂ ਨੂੰ ਸਵੈ-ਸਹਾਇਤਾ ਗਰੁੱਪ ਬਣਾ ਕੇ ਰੁਜ਼ਗਾਰ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਐਕਸ਼ਨ ’ਚ ਭਗਵੰਤ ਮਾਨ ਸਰਕਾਰ, ਸਖ਼ਤ ਫ਼ੈਸਲਾ ਲੈਂਦਿਆਂ ਜਾਰੀ ਕੀਤੇ ਨਵੇਂ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ