2035 ਤੱਕ ਭਾਰਤ ਸਥਾਪਿਤ ਕਰੇਗਾ ਆਪਣਾ ਪੁਲਾੜ ਸਟੇਸ਼ਨ : ਜਤਿੰਦਰ

Thursday, Dec 12, 2024 - 10:38 AM (IST)

ਨਵੀਂ ਦਿੱਲੀ- ਕੇਂਦਰੀ ਵਿਗਿਆਨ, ਤਕਨਾਲੋਜੀ ਤੇ ਪੁਲਾੜ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਭਾਰਤ 2035 ਤੱਕ ਆਪਣਾ ਪੁਲਾੜ ਸਟੇਸ਼ਨ ਸਥਾਪਤ ਕਰੇਗਾ। ਇਸ ਦਾ ਨਾਂ ‘ਭਾਰਤ ਅੰਤਰਿਕਸ਼ ਸਟੇਸ਼ਨ’ ਰੱਖਿਆ ਜਾਵੇਗਾ। ਇਸ ਦੇ ਨਾਲ ਹੀ 2040 ਤੱਕ ਚੰਦਰਮਾ ’ਤੇ ਭਾਰਤੀ ਨੂੰ ਉਤਾਰਨ ਦੀ ਯੋਜਨਾ ਵੀ ਹੈ। ਬੁੱਧਵਾਰ ਦਿੱਲੀ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਤਿੰਦਰ ਸਿੰਘ ਨੇ ਦੱਸਿਆ ਕਿ 2025 ਦੇ ਅੰਤ ਜਾਂ 2026 ਦੇ ਸ਼ੁਰੂ ’ਚ ਪਹਿਲਾ ਭਾਰਤੀ ਪੁਲਾੜ ਯਾਤਰੀ ‘ਗਗਨਯਾਨ ਮਿਸ਼ਨ’ ਅਧੀਨ ਪੁਲਾੜ ’ਚ ਜਾਵੇਗਾ। ਨਾਲ ਹੀ ਭਾਰਤ ਆਪਣੇ ਡੂੰਘੇ ਸਮੁੰਦਰੀ ਮਿਸ਼ਨ ਅਧੀਨ ਮਨੁੱਖ ਨੂੰ 6,000 ਮੀਟਰ ਦੀ ਡੂੰਘਾਈ ਤੱਕ ਭੇਜਣ ਦੀ ਯੋਜਨਾ ਬਣਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਪੁਲਾੜ ਖੇਤਰ ਨੂੰ ਲੈ ਕੇ ਨਵੇਂ ਕਾਨੂੰਨ ’ਤੇ ਕੰਮ ਕਰ ਰਹੀ ਹੈ। ਪਿਛਲੇ 4 ਸਾਲਾਂ ਦੌਰਾਨ ‘ਪ੍ਰਾਈਵੇਟ ਪਲੇਅਰਜ਼’ ਨੇ ਇਸ ਸੈਕਟਰ ’ਚ ਸੈਟੇਲਾਈਟਾਂ ਨੂੰ ਬਣਾਉਣ ਤੇ ਲਾਂਚ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ 2014 ’ਚ ‘ਸਪੇਸ ਸਟਾਰਟ-ਅੱਪਸ’ ਦੀ ਗਿਣਤੀ ਸਿਰਫ਼ ਇਕ ਸੀ। ਹੁਣ ਇਹ ਵਧ ਕੇ 266 ਹੋ ਗਈ ਹੈ। ਭਾਰਤ ਹੁਣ ਤੱਕ ਸ੍ਰੀਹਰੀਕੋਟਾ ਲਾਂਚ ਸਾਈਟ ਤੋਂ 432 ਵਿਦੇਸ਼ੀ ਉਪਗ੍ਰਹਿ ਲਾਂਚ ਕਰ ਚੁੱਕਾ ਹੈ। ਇਨ੍ਹਾਂ ’ਚੋਂ 397 ਨੂੰ ਪਿਛਲੇ 10 ਸਾਲਾਂ ’ਚ ਹੀ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਪੁਲਾੜ ਵਿਭਾਗ ਅਧੀਨ ‘ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜ਼ੇਸ਼ਨ ਸੈਂਟਰ’ ਵਰਗੇ ਸਰਕਾਰੀ ਅਦਾਰੇ ਬਣਾਏ ਹਨ ਜੋ ਨਿੱਜੀ ਅਦਾਰਿਆਂ ਨੂੰ ਉਤਸ਼ਾਹਿਤ ਕਰਨ, ਨਿਯਮਤ ਕਰਨ ਤੇ ਉਨ੍ਹਾਂ ਨੂੰ ਪੁਲਾੜ ਖੇਤਰ ’ਚ ਕੰਮ ਕਰਨ ਲਈ ਆਗਿਆ ਦੇਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਪੁਲਾੜ ਸਬੰਧੀ ਕਈ ਵੱਡੀਆਂ ਯੋਜਨਾਵਾਂ

ਡਾ. ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੁਲਾੜ ਸਟੇਸ਼ਨ ਦੇ ਪਹਿਲੇ ਪੜਾਅ ਦੀ ਸਥਾਪਨਾ ਲਈ ‘ਗਗਨਯਾਨ ਮਿਸ਼ਨ’ ਨੂੰ ਲਾਂਚ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਚੰਦਰਯਾਨ-4 ਰਾਹੀਂ ਚੰਦਰਮਾ ਦੀਆਂ ਚੱਟਾਨਾਂ ਦੇ ਨਮੂਨੇ ਲਿਆਉਣ, ਸ਼ੁੱਕਰ ਗ੍ਰਹਿ ਦਾ ਅਧਿਐਨ ਕਰਨ ਤੇ ਅਗਲੀ ਪੀੜ੍ਹੀ ਦੇ ਲਾਂਚ ਵਾਹਨ ਤਿਆਰ ਕਰਨ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਭਾਰਤ ਦਾ ਟੀਚਾ 2047 ਤੱਕ ਵਿਗਿਆਨ ਤੇ ਪੁਲਾੜ ਦੇ ਖੇਤਰ ’ਚ ਇਕ ਗਲੋਬਲ ਲੀਡਰ ਬਣਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News