ਸਿਹਤ ਮਹਿਕਮੇ ਦੀ ਛਾਪੇਮਾਰੀ, 50 ਹਜ਼ਾਰ ਰੁਪਏ ਲੈ ਕੇ ਦੱਸਿਆ ਜਾਂਦਾ ਸੀ- ''ਮੁੰਡਾ ਹੋਵੇਗਾ ਜਾਂ ਕੁੜੀ''
Thursday, Sep 10, 2020 - 05:18 PM (IST)
ਜੀਂਦ— ਹਰਿਆਣਾ 'ਚ ਜੀਂਦ ਸਿਹਤ ਮਹਿਕਮੇ ਦੀ ਟੀਮ ਨੇ ਅਸੰਧ ਵਿਚ ਛਾਪੇਮਾਰੀ ਕਰ ਕੇ ਭਰੂਣ ਲਿੰਗ ਪਰੀਖਣ ਕਰਨ ਦੇ ਰੈਕਟ ਦਾ ਭਾਂਡਾ ਭੰਨਿਆ ਹੈ। ਟੀਮ ਨੇ ਇਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਜ਼ਬਤ ਕੀਤੀ ਹੈ ਅਤੇ ਨਾਲ ਹੀ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਪੁਲਸ ਨੇ ਦੱਸਿਆ ਕਿ ਸਿਹਤ ਮਹਿਕਮੇ ਦੀ ਟੀਮ ਨੂੰ ਇਕ ਗੁਪਤ ਸੂਚਨਾ ਮਿਲੀ ਸੀ। ਨੋਡਲ ਅਧਿਕਾਰੀ ਡਾ. ਪ੍ਰਭੂ ਦਿਆਲ ਨੂੰ ਜ਼ਿੰਮੇਵਾਰੀ ਸੌਂਪੀ ਗਈ, ਜਿਨ੍ਹਾਂ ਨੇ ਇਕ ਗਰਭਵਤੀ ਜਨਾਨੀ ਨੂੰ ਟੀਮ ਵਿਚ ਸ਼ਾਮਲ ਕੀਤਾ ਅਤੇ ਫਰਜ਼ੀ ਗਾਹਕ ਬਣ ਕੇ ਦੋਸ਼ੀ ਵਿਨੋਦ ਨਾਲ ਸੰਪਰਕ ਸਾਧਿਆ। ਪੁਲਸ ਮੁਤਾਬਕ ਵਿਨੋਦ ਨੇ 50 ਹਜ਼ਾਰ ਰੁਪਏ ਮੰਗੇ। ਬਾਅਦ ਵਿਚ ਸਭ ਕੁਝ ਤੈਅ ਹੋਣ ਮਗਰੋਂ ਵਿਨੋਦ ਗਰਭਵਤੀ ਜਨਾਨੀ ਨੂੰ ਅਸੰਧ ਲੈ ਗਿਆ। ਉੱਥੋਂ ਦੂਜਾ ਵਿਅਕਤੀ ਇਕ ਮਕਾਨ ਵਿਚ ਲੈ ਗਿਆ, ਜਿੱਥੇ ਜਨਾਨੀ ਦੇ ਗਰਭ 'ਚ ਭਰੂਣ ਦਾ ਲਿੰਗ ਪਰੀਖਣ ਕੀਤਾ ਗਿਆ।
ਸਿਹਤ ਮਹਿਕਮੇ ਦੀ ਟੀਮ ਨੇ ਮਕਾਨ 'ਤੇ ਛਾਪੇਮਾਰੀ ਕਰ ਕੇ ਮਸ਼ੀਨ ਬਰਾਮਦ ਕੀਤੀ ਅਤੇ ਮਕਾਨ ਮਾਲਕ ਕ੍ਰਿਸ਼ਨ ਨੂੰ ਹਿਰਾਸਤ ਵਿਚ ਲੈ ਲਿਆ। ਦੋਸ਼ੀ ਵਿਨੋਦ ਉੱਥੋਂ ਜਾ ਚੁੱਕਾ ਸੀ ਪਰ ਉਸ ਵੀ ਬਾਅਦ 'ਚ ਕਾਬੂ ਕੀਤਾ ਗਿਆ। ਪੁਲਸ ਮੁਤਾਬਕ ਦੋਸ਼ੀਆਂ ਨੇ ਪੁੱਛ-ਗਿੱਛ ਵਿਚ ਦੱਸਿਆ ਕਿ ਮਸ਼ੀਨ ਤੋਂ ਜਾਂਚ ਕਰਨ ਵਾਲਾ ਸੰਜੇ ਨਾਂ ਦਾ ਵਿਅਕਤੀ ਸੀ। ਜਨਾਨੀ ਨੂੰ ਅਸੰਧ 'ਚ ਮਕਾਨ ਤੱਕ ਪਹੁੰਚਾਉਣ ਵਾਲਾ ਵਿਅਕਤੀ ਅਸੰਧ ਵਾਸੀ ਅਮਰਦੀਪ ਸੀ, ਜੋ ਕਿ ਪ੍ਰਾਈਵੇਟ ਹਸਪਤਾਲ ਦਾ ਐਂਬੂਲੈਂਸ ਡਰਾਈਵਰ ਹੈ। ਪੁਲਸ ਨੇ ਡਾ. ਪ੍ਰਭੂ ਦਿਆਲ ਦੀ ਸ਼ਿਕਾਇਤ 'ਤੇ ਵਿਨੋਦ, ਕ੍ਰਿਸ਼ਨ, ਸੰਜੇ ਅਤੇ ਅਮਰਦੀਪ ਖ਼ਿਲਾਫ ਪੀ. ਐੱਨ. ਡੀ. ਟੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।