ਪੁਲਸ ਹੀ ਕਰੇਗੀ ਝੀਰਮ ਘਾਟੀ ਹਮਲੇ ਦੀ ਜਾਂਚ, ਐੱਨ. ਆਈ. ਏ. ਦੀ ਪਟੀਸ਼ਨ ਖਾਰਿਜ
Tuesday, Nov 21, 2023 - 07:36 PM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ 2013 ਦੇ ਝੀਰਮ ਘਾਟੀ ਨਕਸਲੀ ਹਮਲੇ ’ਚ ਵੱਡੀ ਸਾਜ਼ਿਸ਼ ਦੇ ਦੋਸ਼ ’ਚ ਦਰਜ ਐੱਫ. ਆਈ. ਆਰ. ’ਚ ਛੱਤੀਸਗੜ੍ਹ ਪੁਲਸ ਦੀ ਜਾਂਚ ਦੇ ਖਿਲਾਫ ਦਾਖ਼ਲ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਪਟੀਸ਼ਨ ਮੰਗਲਵਾਰ ਨੂੰ ਰੱਦ ਕਰ ਦਿੱਤੀ। ਇਸ ਹਮਲੇ ’ਚ ਕਾਂਗਰਸ ਦੀ ਸੂਬਾ ਇਕਾਈ ਦੇ ਕਈ ਨੇਤਾਵਾਂ ਸਮੇਤ 29 ਲੋਕ ਮਾਰੇ ਗਏ ਸਨ।
ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਮੁਆਫ਼ ਕਰੋ। ਅਸੀਂ ਦਖਲ ਨਹੀਂ ਦੇਣਾ ਚਾਹਾਂਗੇ। ਇਸ ਲਈ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।
ਐੱਨ. ਆਈ. ਏ. ਵੱਲੋਂ ਪੇਸ਼ ਵਧੀਕ ਸਾਲਿਸਟਰ ਜਨਰਲ ਐੱਸ. ਵੀ. ਰਾਜੂ ਨੇ ਬੈਂਚ ਨੂੰ ਕਿਹਾ ਕਿ ਘਟਨਾ ’ਚ ਵੱਡੀ ਸਾਜ਼ਿਸ਼ ਦੇ ਪਹਿਲੂ ਦੀ ਜਾਂਚ ਐੱਨ. ਆਈ. ਏ. ਨੂੰ ਕਰਨੀ ਚਾਹੀਦੀ ਹੈ ਕਿਉਂਕਿ ਮਾਮਲੇ ’ਚ ਦਰਜ ਮੁੱਖ ਐੱਫ. ਆਈ. ਆਰ. ਦੀ ਜਾਂਚ ਵੀ ਕੇਂਦਰੀ ਏਜੰਸੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਛੱਤੀਸਗੜ੍ਹ ਪੁਲਸ ਨੇ ਐੱਨ. ਆਈ. ਏ. ਨੂੰ ਰਿਕਾਰਡ ਸੌਂਪਣ ਤੋਂ ਇਨਕਾਰ ਕਰ ਦਿੱਤਾ, ਤਾਂ ਏਜੰਸੀ ਨੇ ਹੇਠਲੀ ਅਦਾਲਤ ਦਾ ਰੁਖ ਕੀਤਾ, ਜਿਸ ਨੇ ਪਟੀਸ਼ਨ ਨੂੰ ਰੱਦ ਕਰ ਦਿੱਤੀ।